
ਨਿਊਟਰੀ ਕੁਲਚੇ ਦੀ ਰੇਹੜੀ ਲਗਾਉਂਦੇ ਮੁੰਡੇ ਦੀਆਂ ਅੱਖਾਂ ਹੋਈਆਂ ਨਮ, ‘ਘਰ ਕਦੇ ਭਾਂਡੇ ਤਕ ਨਹੀਂ ਚੁਕੇ, ਵਿਦੇਸ਼ ਜਾ ਕੇ ਲਾਉਣੇ ਪਏ ਪੋਚੇ’
ਜਲੰਧਰ (ਰਾਘਵ ਜੈਨ/ ਵੀਰਪਾਲ ਕੌਰ) : ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਹੈ ਤੇ ਕਈ ਨੌਜਵਾਨ ਵਿਦੇਸ਼ ਜਾ ਕੇ ਖੁਸ਼ ਰਹਿੰਦੇ ਹਨ ਪਰ ਕਈ ਉੱਥੇ ਜਾ ਕੇ ਪਛਤਾਉਂਦੇ ਹਨ ਤੇ ਅਪਣੀ ਪਹਿਲਾਂ ਵਾਲੀ ਜ਼ਿੰਦਗੀ ਨੂੰ ਹੀ ਚੰਗਾ ਸਮਝਦੇ ਹਨ ਕਿਉਂਕਿ ਵਿਦੇਸ਼ ਵਿਚ ਜਾ ਕੇ ਨੌਜਵਾਨਾਂ ਨੂੰ ਉਹ ਹਰ ਇਕ ਕੰਮ ਕਰਨਾ ਪੈਂਦਾ ਹੈ ਜੋ ਉਹਨਾਂ ਨੇ ਪਹਿਲਾਂ ਪੰਜਾਬ ਵਿਚ ਕਦੇ ਨਹੀਂ ਕੀਤਾ ਹੁੰਦਾ।
ਅਜਿਹਾ ਹੀ ਇਕ ਨੌਜਵਾਨ ਮਨਪ੍ਰੀਤ ਜਲੰਧਰ ਦਾ ਹੈ ਜੋ ਕਿ ਵਿਦੇਸ਼ (ਦੁਬਈ) ਜਾ ਕੇ ਬਹੁਤ ਪਛਤਾਇਆ ਤੇ ਆਖ਼ਰਕਾਰ ਵਾਪਸ ਅਪਣੇ ਵਤਨ ਪਰਤਿਆ ਤੇ ਇਥੇ ਆ ਕੇ ਉਸ ਨੇ ਅਪਣਾ ਦਰਦ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਬਿਆਨਿਆ। ਨੌਜਵਾਨ ਮਨਪ੍ਰੀਤ ਨੇ ਦਸਿਆ ਕਿ ਉਹ ਪਹਿਲਾਂ ਪੰਜਾਬ ਵਿਚ ਮਕੈਨਿਕ ਦਾ ਕੰਮ ਕਰਦਾ ਸੀ ਤੇ ਫਿਰ ਕਿਸੇ ਨੇ ਉਸ ਨੂੰ ਸਲਾਹ ਦਿਤੀ ਕਿ ਉਹ ਅਪਣੀ ਵਿਦੇਸ਼ ਦੀ ਫ਼ਾਈਲ ਲਗਾ ਕੇ ਦੇਖੇ ਤੇ ਉਸ ਦਾ ਵੀ ਮਨ ਕੀਤਾ ਕਿ ਉਹ ਵੀ ਬਾਹਰ ਜਾਵੇ ਤੇ ਉਸ ਨੇ ਅਪਣੇ ਮਾਂ-ਬਾਪ ਨਾਲ ਗੱਲਬਾਤ ਕੀਤੀ ਪਰ ਮਾਪਿਆਂ ਨੇ ਇਨਕਾਰ ਕਰ ਦਿਤਾ ਤੇ ਕਿਹਾ ਕਿ ਉਸ ਨੇ ਜੋ ਵੀ ਕੰਮ ਕਰਨਾ ਹੈ ਇੱਧਰ ਕਰ ਲਵੇ।
ਉਹ ਉਸ ਨੂੰ ਇਧਰ ਦੁਕਾਨ ਪਾ ਦੇਣਗੇ ਪਰ ਉਸ ਨੇ ਨਾ ਮੰਨੀ। ਫਿਰ ਘਰਦਿਆਂ ਨ ਕੋਈ ਨਾ ਕੋਈ ਹੀਲਾ ਕਰ ਕੇ ਉਸ ਨੂੰ ਬਾਹਰ ਭੇਜਿਆ ਤੇ ਏਜੰਟ ਨੇ 1-2 ਲੱਖ ਰੁਪਏ ਲਏ ਤੇ ਵਿਦੇਸ਼ ਭੇਜ ਦਿਤਾ। ਏਜੰਟ ਨੇ ਉਸ ਨੂੰ ਪੈਕਿੰਗ ਦਾ ਕੰਮ ਕਹਿ ਕੇ ਵਿਦੇਸ਼ ਭੇਜਿਆ ਸੀ। ਮਨਪ੍ਰੀਤ ਨੇ ਕਿਹਾ ਕਿ ਏਜੰਟ ਨੇ ਜਦੋਂ ਕਿਸੇ ਨੂੰ ਵੀ ਫਸਾਉਣਾ ਹੁੰਦਾ ਤਾਂ ਉਹ ਮਿੱਠੇ ਪੋਚੇ ਬਹੁਤ ਮਾਰਦਾ ਹੈ।
ਨੌਜਵਾਨ ਨੇ ਦਸਿਆ ਕਿ ਇਥੋਂ ਦੇ ਏਜੰਟ ਨੇ ਉਸ ਨੂੰ ਵਿਦੇਸ਼ ਵਾਲੇ ਕਿਸੇ ਏਜੰਟ ਕੋਲ ਭੇਜਿਆ ਤੇ ਉਹ ਵੀ ਉਸ ਨੂੰ ਆਪ ਨਹੀਂ ਲੈਣ ਆਇਆ ਤੇ ਆਪ ਹੀ ਗਿਆ। ਪਹਿਲਾਂ ਤਾਂ ਉਹ ਕਿਸੇ ਤੋਂ ਪੁਛ-ਪੁਛ ਕੇ ਏਜੰਟ ਕੋਲ ਪਹੁੰਚਿਆ ਤੇ ਫਿਰ ਏਜੰਟ ਨੇ 15 ਦਿਨ ਵਿਹਲਾ ਬਿਠਾ ਕੇ ਕਿਹਾ ਕਿ ਹੁਣ ਉਨ੍ਹਾਂ ਕੋਲ ਪੈਕਿੰਗ ਦਾ ਕੰਮ ਤਾਂ ਨਹੀਂ ਹੈ ਸਿਰਫ਼ ਕਲੀਨਰ ਦਾ ਕੰਮ ਹੈ ਤੇ ਉਸ ਨੂੰ ਉਧਰ ਹੀ ਜਾਣਾ ਪੈਣਾ ਹੈ। ਨੌਜਵਾਨ ਨੇ ਦਸਿਆ ਕਿ ਜਿਹੜਾ ਕੰਮ ਕਦੇ ਇੱਧਰ ਨਹੀਂ ਕੀਤਾ ਸੀ ਉਹ ਕੰਮ ਉਧਰ ਕਰਨਾ ਪਿਆ ਤੇ 6 ਮਹੀਨੇ ਬਾਅਦ ਵੀਜ਼ਾ ਵੀ ਮੁਕਣ ਵਾਲਾ ਸੀ ਅਤੇ ਫਿਰ ਮਜਬੂਰੀ ਵਿਚ ਕਲੀਨਰ ਦਾ ਕੰਮ ਕਰਨਾ ਪਿਆ।
ਮਨਪ੍ਰੀਤ ਨੇ ਦਸਿਆ ਕਿ ਉਹ ਜਦੋਂ ਸਫ਼ਾਈ ਦਾ ਕੰਮ ਕਰਦਾ ਸੀ ਤਾਂ ਬਹੁਤ ਵਾਰ ਬਾਥਰੂਮ ਵਿਚ ਬੈਠ ਕੇ ਰੋਇਆ ਸੀ ਅਤੇ ਘਰ ਨੂੰ ਯਾਦ ਕਰਦਾ ਸੀ , ਉੱਥੇ ਰੋਟੀ ਵਗੈਰਾ ਦਾ ਔਖਾ ਨਹੀਂ ਸੀ ਜਿੰਨਾ ਕਿ ਕੰਮ ਕਰਨਾ ਔਖਾ ਸੀ ਕਿਉਂਕਿ ਉਹ ਤੰਗ ਬਹੁਤ ਕਰਦੇ ਨੇ। ਜਦੋਂ ਫਿਰ ਹਿੰਮਤ ਕਰ ਕੇ ਏਜੰਟ ਕੋਲ ਗਿਆ ਤੇ ਉਸ ਨੂੰ ਕਿਹਾ ਕਿ ਇਹ ਕੰਮ ਨਹੀਂ ਹੋਣਾ ਤਾਂ ਏਜੰਟ ਵੀ ਉਸ ਨੂੰ ਬਹੁਤ ਬੋਲਿਆ ਕਿਉਂਕਿ ਉਸ ਸਮੇਂ ਕੋਰੋਨਾ ਦਾ ਸਮਾਂ ਸੀ ਤੇ ਕੋਈ ਵੀ ਕੰਮ ’ਤੇ ਨਹੀਂ ਰੱਖ ਰਿਹਾ ਸੀ ਸਭ ਕੱਢ ਹੀ ਰਹੇ ਸਨ।
ਨੌਜਵਾਨ ਨੇ ਦਸਿਆ ਕਿ ਜਦੋਂ ਉਸ ਦੇ ਪੈਸੇ ਪੂਰੇ ਹੋ ਗਏ ਤਾਂ ਉਸ ਦੇ ਘਰਦਿਆਂ ਨੇ ਉਸ ਨੂੰ ਆਪ ਹੀ ਵਾਪਸ ਬੁਲਾ ਲਿਆ ਪਰ ਪੰਜਾਬ ਆ ਕੇ ਮਾਪਿਆਂ ਦੀ ਕੀਮਤ ਜ਼ਰੂਰ ਪਤਾ ਚੱਲ ਗਈ ਕਿਉਂਕਿ ਮੈਂ ਅਪਣੇ ਮਾਪਿਆਂ ਨੂੰ ਬਹੁਤ ਗ਼ਲਤ ਬੋਲਦਾ ਸੀ ਤੇ ਕਦੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ ਸੀ। ਇਥੇ ਆ ਕੇ ਮੈਂ ਸੋਚ ਲਿਆ ਸੀ ਕਿ ਹੁਣ ਘਰਦਿਆਂ ਦੀ ਮਰਜ਼ੀ ਨਾਲ ਹੀ ਕੰਮ ਕਰਨਾ ਹੈ ਤੇ ਮਾਪਿਆਂ ਦਾ ਚੰਗਾ ਪੁੱਤ ਬਣ ਕੇ ਦਿਖਾਉਣਾ ਹੈ। ਨੌਜਵਾਨ ਨੇ ਦਸਿਆ ਕਿ ਇਥੇ ਆ ਕੇ ਵੀ ਮਾਪਿਆਂ ਨੇ 50-60 ਹਜ਼ਾਰ ਲਗਾ ਕੇ ਰੇਹੜੀ ਲਗਾ ਕੇ ਦਿਤੀ ਤੇ ਇਹ ਅਹਿਸਾਸ ਹੋਇਆ ਕਿ ਹਰ ਜਗ੍ਹਾ ਮਾਪੇ ਹੀ ਸਾਥ ਦਿੰਦੇ ਹਨ। ਹੁਣ ਉਹ ਨਿਊਟਰੀ ਕੁਲਚਿਆਂ ਦੀ ਰੇਹੜੀ ਲਗਾਉਂਦਾ ਹੈ ਤੇ ਰੱਬ ਦੀ ਮੇਹਰ ਨਾਲ ਘਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਹੈ।
ਨਿਊਟਰੀ ਕੁਲਚੇ ਦੀ ਰੇਹੜੀ ਬਾਰੇ ਮਨਪ੍ਰੀਤ ਨੇ ਦਸਿਆ ਕਿ ਉਸ ਦਾ ਪਿਤਾ ਹਲਵਾਈ ਹੋਣ ਕਰ ਕੇ ਉਹ ਥੋੜ੍ਹਾ ਮੋਟਾ ਕੰਮ ਕਰ ਲੈਂਦਾ ਸੀ ਤੇ ਉਸ ਨੂੰ ਕੁੱਝ ਸ਼ੌਂਕ ਵੀ ਸੀ ਤੇ ਕਦੇ ਕਦੇ ਘਰ ਵੀ ਖਾਣ ਲਈ ਕੁੱਝ ਨਾ ਕੁੱਝ ਬਣਾ ਲੈਂਦਾ ਸੀ ਤੇ ਮਹੀਨਾ ਕੁ ਅਪਣੇ ਦੋਸਤ ਨਾਲ ਵੀ ਕੰਮ ਕੀਤਾ ਤੇ ਇਸੇ ਕਰ ਕੇ ਹੀ ਉਸ ਨੇ ਇਹ ਰੇਹੜੀ ਲਗਾਈ ਹੈ। ਆਖ਼ਿਰ ’ਚ ਨੌਜਵਾਨ ਨੇ ਹੋਰਾਂ ਨੌਜਵਾਨਾਂ ਨੂੰ ਸੁਨੇਹਾ ਦਿਤਾ ਤੇ ਕਿਹਾ ਕਿ ਜਿਹੜੀ ਮਿਹਨਤ ਉਨ੍ਹਾਂ ਨੇ ਵਿਦੇਸ਼ ਜਾ ਕੇ ਕਰਨੀ ਹੈ ਉਹੀ ਮਿਹਨਤ ਪੰਜਾਬ ਵਿਚ ਵੀ ਹੋ ਸਕਦੀ ਹੈ ਕਿਉਂਕਿ ਪੰਜਾਬ ਵਿਚ ਤੁਸੀਂ ਅਪਣੇ ਮਾਪਿਆਂ ਕੋਲ ਰਹਿ ਕੇ ਸਕੂਨ ਨਾਲ ਰਹੋਗੇ ਤੇ ਵਿਦੇਸ਼ ਵਿਚ ਕੁੱਝ ਪਤਾ ਨਹੀਂ ਕਿ ਤੁਹਾਨੂੰ ਕਿਸੇ ਦਿਨ ਰੋਟੀ ਮਿਲੇਗੀ ਵੀ ਕਿ ਨਹੀਂ। ਮਾਪਿਆਂ ਕੋਲ ਸਭ ਤੋਂ ਵੱਧ ਸਕੂਨ ਹੈ ਕਿਉਂਕਿ ਜਿਹੜਾ ਮਜ਼ਾ ਰਾਤ ਨੂੰ ਪ੍ਰਵਾਰ ਵਿਚ ਬੈਠ ਕੇ ਰੋਟੀ ਖਾਣ ਦਾ ਆਉਂਦਾ ਹੈ ਉਹ ਹੋਰ ਕਿਤੇ ਨਹੀਂ।