
ਢਡਰੀਆਂਵਾਲਾ ਤਾਂ ਪਹਿਲਾਂ ਹੀ 'ਜਥੇਦਾਰਾਂ' ਨੂੰ ਕੌਮ ਦੇ ਆਗੂ ਮੰਨਣ ਤੋਂ ਮੁਨਕਰ ਹਨ
ਕੋਟਕਪੂਰਾ : ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ 'ਰੋਜ਼ਾਨਾ ਸਪੋਕਸਮੈਨ' ਵਲੋਂ 267 ਪਾਵਨ ਸਰੂਪਾਂ ਦੀ ਭੇਤਭਰੀ ਹਾਲਤ 'ਚ ਹੋਈ ਗੁਮਸ਼ੁਦਗੀ ਦਾ ਮਸਲਾ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਬਾਅਦ ਤਖ਼ਤਾਂ ਦੇ ਜਥੇਦਾਰਾਂ ਨੂੰ ਇਸ ਦੀ ਜਾਂਚ ਕਰਾਉਣ ਲਈ ਇਕ ਮਜਬੂਰੀ ਬਣ ਗਿਆ।
Gaini Harpreet Singh
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕਰਵਾਈ ਗਈ ਪੜਤਾਲ ਅਨੁਸਾਰ 267 ਪਾਵਨ ਸਰੂਪ ਨਹੀਂ ਬਲਕਿ 328 ਪਾਵਨ ਸਰੂਪ ਘੱਟ ਹੋਣ ਦੀ ਗੱਲ ਸਾਹਮਣੇ ਆਈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਪਬਲੀਕੇਸ਼ਨ ਵਿਭਾਗ ਦੀ ਬੇਈਮਾਨੀ ਤੇ ਅਣਗਹਿਲੀ ਦੀਆਂ ਵੀ ਕਈ ਗੱਲਾਂ ਉਜਾਗਰ ਹੋਈਆਂ।
Bhai Ranjit Singh Ji Dhadrianwale
ਭਾਈ ਰਣਜੀਤ ਸਿੰਘ ਢਡਰੀਆਂ ਵਾਲਾ, ਗਿਆਨੀ ਇਕਬਾਲ ਸਿੰਘ ਅਤੇ ਸੁੱਚਾ ਸਿੰਘ ਲੰਗਾਹ ਦੇ ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੁਣਾਏ ਗਏ ਹਾਸੋਹੀਣੇ ਫ਼ੈਸਲਿਆਂ ਨੇ ਪੰਥਕ ਹਲਕਿਆਂ 'ਚ ਅਜੀਬ ਚਰਚਾ ਛੇੜ ਦਿਤੀ ਹੈ। 'ਜਥੇਦਾਰ' ਮੁਤਾਬਕ ਜਦੋਂ ਤਕ ਢਡਰੀਆਂ ਵਾਲਾ ਮਾਫ਼ੀ ਨਹੀਂ ਮੰਗਦਾ ਉਦੋਂ ਤਕ ਦੇਸ਼ ਵਿਦੇਸ਼ ਦੀਆਂ ਸੰਗਤਾਂ, ਸੰਸਥਾਵਾਂ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਉਸ ਦੇ ਸਮਾਗਮ ਨਾ ਕਰਵਾਉਣ, ਉਸ ਨੂੰ ਨਾ ਸੁਣਨ ਅਤੇ ਨਾ ਹੀ ਇਸ ਦੀਆਂ ਵੀਡੀਉ ਅੱਗੇ ਸ਼ੇਅਰ ਕੀਤੀਆਂ ਜਾਣ।
Bhai Ranjit Singh Dhadrianwale
ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਵਲੋਂ ਕੋਈ ਮਾਫ਼ੀ ਨਹੀਂ, ਇਸ ਲਈ ਸੰਗਤਾਂ ਉਸ ਨਾਲ ਮਿਲਵਰਤਣ ਨਾ ਰੱਖਣ। ਗਿਆਨੀ ਇਕਬਾਲ ਸਿੰਘ ਦੇ ਅਯੋਧਿਆ ਦੇ ਸਮਾਗਮ 'ਚ ਦਿਤੇ ਬਿਆਨ ਨਾਲ ਅਸਹਿਮਤੀ, ਸਿੱਖ ਇਕ ਵਖਰੀ ਕੌਮ ਸੀ, ਹੈ ਅਤੇ ਰਹੇਗੀ। ਪੰਥਦਰਦੀ ਪੁੱਛ ਰਹੇ ਹਨ ਕਿ ਸਿੱਖ ਇਕ ਵਖਰੀ ਕੌਮ ਕਹਿ ਦੇਣਾ ਜਾਂ ਗਿਆਨੀ ਇਕਬਾਲ ਸਿੰਘ ਦੇ ਬਿਆਨ ਨਾਲ ਅਸਹਿਮਤੀ ਜਤਾਉਣਾ ਹੀ ਕਾਫ਼ੀ ਨਹੀਂ।
Sucha Singh Langah
ਬਲਕਿ ਉਸ ਵਿਰੁਧ ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ 'ਚ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਇਹ ਉਸ ਦੀ ਪਹਿਲੀ ਗ਼ਲਤੀ ਨਹੀਂ ਬਲਕਿ ਉਹ ਇਸ ਤੋਂ ਪਹਿਲਾਂ ਵੀ ਅਜਿਹੇ ਬੇਸਿਰੇ ਫ਼ਜ਼ੂਲ ਬਿਆਨ ਦੇ ਕੇ ਸਿੱਖ ਸਿਧਾਂਤਾਂ ਅਤੇ ਰਹਿਤ ਮਰਿਆਦਾ ਨੂੰ ਚੁਨੌਤੀ ਦੇ ਚੁੱਕੇ ਹਨ। ਭਾਈ ਰਣਜੀਤ ਸਿੰਘ ਢਡਰੀਆਂ ਨੇ ਸ਼ਰੇਆਮ ਐਲਾਨ ਕੀਤਾ ਹੈ ਕਿ ਉਹ ਬਾਦਲਾਂ ਦੇ ਪ੍ਰਭਾਵ ਹੇਠ ਫ਼ੈਸਲੇ ਲੈਣ ਵਾਲੇ 'ਜਥੇਦਾਰਾਂ' ਨੂੰ ਅਧਿਕਾਰਤ ਨਹੀਂ ਮੰਨਦਾ।
ਭਾਈ ਢਡਰੀਆਂ ਵਲੋਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਟੀ.ਵੀ. ਚੈਨਲਾਂ ਦੇ ਸਿੱਧੇ ਪ੍ਰਸਾਰਣ ਰਾਹੀਂ ਖੁਲ੍ਹੀ ਬਹਿਸ ਦੀ ਚੁਨੌਤੀ ਵੀ ਦਿਤੀ ਜਾ ਚੁੱਕੀ ਹੈ, ਫਿਰ ਉਸ ਦੇ ਵੀਡੀਉ ਕਲਿਪ ਸ਼ੇਅਰ ਨਾ ਕਰਨ, ਉਸ ਦੇ ਸਮਾਗਮ ਨਾ ਕਰਵਾਉਣ ਵਾਲੀਆਂ ਹਾਸੋਹੀਣੀਆਂ ਤੇ ਬੇਤੁਕੀਆਂ ਹਦਾਇਤਾਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਦੇਸ਼-ਵਿਦੇਸ਼ ਦੀਆਂ ਸੰਗਤਾਂ ਪਹਿਲਾਂ ਵੀ ਤਖ਼ਤਾਂ ਦੇ ਜਥੇਦਾਰਾਂ ਦੇ ਢਡਰੀਆਂ ਵਾਲੇ ਵਿਰੁਧ ਕੀਤੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਚੁੱਕੀਆਂ ਹਨ।
ਸੁੱਚਾ ਸਿੰਘ ਲੰਗਾਹ ਦੇ ਮਾਮਲੇ 'ਚ ਅਕਾਲ ਤਖ਼ਤ ਵਲੋਂ ਕੋਈ ਮਾਫ਼ੀ ਨਹੀਂ ਤੇ ਸੰਗਤਾਂ ਨੂੰ ਉਸ ਨਾਲ ਮਿਲਵਰਤਨ ਨਾ ਰੱਖਣ ਦੀ ਨਸੀਹਤ ਦੇਣ ਵਾਲੀ ਗੱਲ ਵੀ ਹਾਸੋਹੀਣੀ ਜਾਪਦੀ ਹੈ ਕਿਉਂਕਿ ਲੰਗਾਹ ਨੇ ਅਕਾਲ ਤਖ਼ਤ ਦੀ ਮਰਿਆਦਾ ਅਤੇ ਸਿੱਖ ਸਿਧਾਂਤਾਂ ਨੂੰ ਚੁਨੌਤੀ ਦਿਤੀ ਹੈ, ਮਰਿਆਦਾ ਦੇ ਉਲਟ ਉਸ ਨੂੰ ਤਨਖਾਹ ਲਾਉਣ ਜਾਂ ਅੰਮ੍ਰਿਤ ਛਕਾਉਣ ਵਾਲਿਆਂ ਵਿਰੁਧ ਕਾਰਵਾਈ ਲਈ ਜਥੇਦਾਰਾਂ ਨੇ ਕੋਈ ਸ਼ਬਦ ਬੋਲਣ ਦੀ ਜ਼ਰੂਰਤ ਹੀ ਨਹੀਂ ਸਮਝੀ।
ਪੰਥਦਰਦੀ ਸਵਾਲ ਕਰਦੇ ਹਨ ਕਿ ਕੀ ਅਕਾਲ ਤਖ਼ਤ ਤੋਂ ਮਾਫ਼ੀ ਮਿਲਣ ਤੋਂ ਪਹਿਲਾਂ ਲੰਗਾਹ ਨੂੰ ਅੰਮ੍ਰਿਤ ਛਕਾਇਆ ਜਾ ਸਕਦਾ ਸੀ? ਕੀ ਲੰਗਾਹ ਵਲੋਂ ਛਕਿਆ ਗਿਆ ਅੰਮ੍ਰਿਤ ਦਾ ਪਿਆਲਾ ਹੁਣ ਜਾਇਜ਼ ਮੰਨਿਆ ਜਾਵੇਗਾ? ਕੀ ਅਕਾਲ ਤਖ਼ਤ ਨੂੰ ਚੁਨੌਤੀ ਦੇਣ ਵਾਲਿਆਂ ਵਿਰੁਧ ਕੋਈ ਕਾਰਵਾਈ ਹੋਵੇਗੀ?