
ਅਯੋਧਿਆ 'ਚ ਬਿਆਨ ਦੇ ਕੇ ਗਿਆਨੀ ਇਕਬਾਲ ਸਿੰਘ ਨੇ ਸਿੱਖ ਭਾਵਨਾਵਾਂ ਦੀਆਂ ਧੱਜੀਆਂ ਉਡਾਈਆਂ: ਜਥੇਦਾਰ
ਅੰਮ੍ਰਿਤਸਰ, 24 ਅਗੱਸਤ (ਪਰਮਿੰਦਰਜੀਤ): ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿ: ਇਕਬਾਲ ਸਿੰਘ ਵਲੋਂ 5 ਅਗੱਸਤ ਨੂੰ ਅਯੋਧਿਆ ਵਿਖੇ ਦਿਤੇ ਬਿਆਨ 'ਤੇ ਅਸਹਿਮਤੀ ਪ੍ਰਗਟਾਉਂਦਿਆਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਇਕ ਵਖਰੀ ਕੌਮ ਸੀ, ਹੈ ਅਤੇ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫ਼ੀਕੇਟ ਲੈਣ ਦੀ ਲੋੜ ਨਹੀਂ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ 'ਜਥੇਦਾਰ' ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਸਿੱਖ ਭਾਵਨਾਵਾਂ ਦੀਆਂ ਧੱਜੀਆਂ ਉਡਾਈਆਂ ਹਨ। ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨ ਵਿਚ ਅਰਦਾਸ ਕਰਨ ਵਾਲੇ ਕੁੱਝ ਸਿੱਖ ਨੌਜਵਾਨਾਂ ਨੂੰ ਸਰਕਾਰ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਉਚਿਤ ਨਹੀਂ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਕ ਫ਼ਰਜ਼ ਹੈ। ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ। ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ।image