
ਬਾਜਵਾ ਦਾ ਮੂਰਖਤਾਪੂਰਨ ਰਵੱਈਆ ਪਾਰਟੀ ਲਈ ਨੁਕਸਾਨਦੇਹ ਹੋ ਸਕਦੈ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਜਿਹੇ ਸੰਵੇਦਨਸ਼ੀਲ ਮਾਮਲੇ ’ਤੇ ਗੁੰਮਰਾਹਕੁੰਨ ਅਤੇ ਪੱਖਪਾਤੀ ਅਖ਼ਬਾਰੀ ਸਿਰਲੇਖ਼ ਨੂੰ ਆਧਾਰ ਬਣਾ ਕੇ, ਵਿਰੋਧੀ ਧਿਰ ਨਾਲ ਹੱਥ ਮਿਲਾ ਕੇ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਕਾਂਗਰਸ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਨੂੰ ਕਰੜੇ ਹੱਥੀਂ ਲਿਆ ਹੈ। ਬਾਜਵਾ ’ਤੇ ਵਰਦਿਆਂ ਉਨਾਂ ਕਿਹਾ ਕਿ ਇੱਕ ਅੰਗਰੇਜ਼ੀ ਅਖ਼ਬਾਰ ਵੱਲੋਂ ਕੱਲ ਜਾਣ ਬੁੱਝ ਕੇ ਛਾਪੇ ਗਏ ਗ਼ਲਤ ਸਿਰਲੇਖ਼ ਦੇ ਸਿਰ ’ਤੇ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਆਪਣੀ ਹੀ ਪਾਰਟੀ ਖ਼ਿਲਾਫ਼ ਕੂੜ-ਪ੍ਰਚਾਰ ਆਰੰਭਣਾ ਰਾਜ ਸਭਾ ਮੈਂਬਰ ਬਾਜਵਾ ਦਾ ਮੂਰਖਤਾਪੂਰਨ ਰਵੱਈਆ ਹੈ।
Captain Amrinder Singh
ਮੁੱਖ ਮੰਤਰੀ ਨੇ ਬਾਜਵਾ ’ਤੇ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ’ਚ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹਾ ਅਕਾਲੀਆਂ ਦੀ ਬਰਗਾੜੀ ਬੇਅਦਬੀ ਘਟਨਾ ਦੀ ਜਾਂਚ ਨੂੰ ਭਟਕਾਉਣ ਦਾ ਸਾਥ ਦੇਣ ਅਤੇ ਬੁਰੀ ਤਰਾਂ ਨਕਾਰੀ ਤੇ ਨਿਰਾਸ਼ੀ ਆਪ ਦੇ ਜ਼ਿਮਨੀ ਚੋਣਾਂ ਦੌਰਾਨ ਪੈਰ ਲਵਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਾਉਣ ਲਈ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬਾਜਵਾ ਨੇ ਆਪਣੀ ਇਸ ਟਿੱਪਣੀ ਨਾਲ, ਸੂਬੇ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਵਾਲੀਆਂ ਉਹ ਤਾਕਤਾਂ, ਜਿਨਾਂ ਨੇ 10 ਸਾਲ ਸੂਬੇ ਨੂੰ ਹਨੇਰੇ ਵੱਲ ਧੱਕੀ ਰੱਖਿਆ, ਦੇ ਮਨਸੂਬੇ ਕਾਮਯਾਬ ਕਰਨ ਅਤੇ ਦਹਾਕੇ ਦੇ ਹਨੇਰੇ ਤੋਂ ਬਾਅਦ ਪ੍ਰਗਤੀ ਅਤੇ ਵਿਕਾਸ ਦੇ ਰਾਹ ’ਤੇ ਪਏ ਪਹੀਏ ਨੂੰ ਰੋਕਣ ਦਾ ਯਤਨ ਕੀਤਾ ਹੈ।
Partap Singh Bajwa
ਬਾਜਵਾ ਦੇ ਮਹਿਜ਼ ਇੱਕ ਸਿਰਲੇਖ਼ ਦੇ ਸਿਰ ’ਤੇ ਟਿੱਪਣੀ ਕਰਨ ਨੂੰ ਸਿਰੇ ਦੀ ਗੈਰ-ਜ਼ਿੰਮੇਵਾਰਾਨਾ ਹਰਕਤ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਉਸ (ਬਾਜਵਾ) ਵਰਗੇ ਹੰਢੇ ਹੋਏ ਸਿਆਸਤਦਾਨ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਸਿਰਲੇਖ਼ ਪੜ ਕੇ ਤਾਂ ਇੱਕ ਅੰਞਾਣ ਹੀ ਅਜਿਹੀ ਟਿੱਪਣੀ ਕਰ ਸਕਦਾ ਹੈ। ਉਨਾਂ ਬਾਜਵਾ ਦੀ ਇਸ ਕਾਰਵਾਈ ਨੂੰ ਪੂਰੀ ਤਰਾਂ ਅੰਞਾਣਪੁਣਾ ਅਤੇ ਰਾਜਸੀ ਬੇ-ਸਮਝੀ ਕਰਾਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਰਆਧਾਰ ਸਿਰਲੇਖ ਪੜ ਕੇ ਉਨਾਂ (ਮੁੱਖ ਮੰਤਰੀ) ਅਤੇ ਸਰਕਾਰ ਦੀ ਅਲੋਚਨਾ ਕਰਕੇ ਬਾਜਵਾ ਨੇ ਬਿਨਾਂ ਵਜਾ ਪ੍ਰਤੀਕਰਮ ਦੇ ਦਿੱਤਾ ਜਿਸ ਨਾਲ ਉਸ ਵਿੱਚ ਸਿਆਸੀ ਸਮਝ ਅਤੇ ਸਿਆਪਣਪ ਦੀ ਘਾਟ ਹੋਣਾ ਸਾਬਤ ਕਰਦਾ ਹੈ।
Captain Amrinder Singh
ਮੁੱਖ ਮੰਤਰੀ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ,‘‘ਮੈਂ ਬਾਜਵਾ ਅਤੇ ਬਾਕੀ ਸਾਰਿਆਂ ਜਿਨਾਂ ਨੇ ਅਖਬਾਰ ਦੀ ਸੁਰਖੀ ਦੇ ਆਧਾਰ ’ਤੇ ਮੇਰੇ ’ਤੇ ਹਮਲਾ ਕਰਨ ਦੀ ਕਾਹਲ ਵਰਤੀ, ਨੂੰ ਦੱਸਣਾ ਚਾਹੁੰਦਾ ਹਾਂ ਕਿ ਕੀ ਉਨਾਂ ਨੇ ਇੰਟਰਵਿੳੂ ਪੜੀ ਹੈ ਜਿਸ ਨੂੰ ਆਧਾਰ ਬਣਾ ਕੇ ਉਹ ਦੋਸ਼ ਲਾਉਣ ’ਤੇ ਉਤਾਰੂ ਹਨ?’’ ਉਨਾਂ ਅੱਗੇ ਕਿਹਾ ਕਿ ਉਹ ਇਕ ਵੀ ਵਾਕ ਦਾ ਜ਼ਿਕਰ ਕਰ ਸਕਦੇ ਹਨ ਜੋ ਇਹ ਨਤੀਜਾ ਕੱਢਦਾ ਹੋਵੇ ਕਿ ਮੈਂ ਬਰਗਾੜੀ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦਿੱਤੀ ਹੈ।
Partap Singh Bajwa
ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਅਖਬਾਰ ਨੇ ਇੰਟਰਵਿਊ ਨੂੰ ਸਨਸਨੀਖੇਜ਼ ਬਣਾਉਣ ਦੀ ਪ੍ਰਤੱਖ ਕੋਸ਼ਿਸ਼ ਕਰਦਿਆਂ ਸੁਰਖੀ ਨੂੰ ਤੋੜ-ਮਰੋੜ ਕੇ ਗੈਰ-ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਹ ਸੀਨੀਅਰ ਨੇਤਾ ਵੀ ਬਿਖੇੜਾ ਖੜਾ ਕਰਕੇ ਬਲਦੀ ’ਤੇ ਤੇਲ ਪਾ ਰਹੇ ਹਨ। ਉਨਾਂ ਕਿਹਾ,‘‘ਇਨਾਂ ਨੂੰ ਇਸ ਗੱਲ ਦੀ ਭੋਰਾ ਫਿਕਰ ਨਹੀਂ ਕਿ ਉਨਾਂ ਦੇ ਲਫਜ਼ਾਂ ਅਤੇ ਕਾਰਵਾਈਆਂ ਦਾ ਪੰਜਾਬ ਦੇ ਲੋਕਾਂ ’ਤੇ ਕਿੰਨਾ ਬੁਰਾ ਅਸਰ ਪੈ ਸਕਦਾ ਹੈ ਜੋ ਸ਼ਾਂਤਮਈ ਮਾਹੌਲ ਵਿੱਚ ਸਿਰਫ ਵਿਕਾਸ ਹੋਣ ਵਿੱਚ ਦਿਲਚਸਪੀ ਰੱਖਦੇ ਹਨ।’’
Captain Amrinder Singh
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਕੋਈ ਉਸਾਰੂ ਮੁੱਦਾ ਨਾ ਹੋਣ ਕਰਕੇ ਪਿਛਲੇ ਢਾਈ ਸਾਲਾਂ ਵਿੱਚ ਕਿਸੇ ਵੀ ਚੋਣ ਤੋਂ ਪਹਿਲਾਂ ਉਨਾਂ ਵਿਰੁੱਧ ਅਜਿਹੇ ਬੇਬੁਨਿਆਦ ਦੋਸ਼ ਲਾਏ ਜਾਂਦੇ ਹਨ। ਉਨਾਂ ਕਿਹਾ ਕਿ ਇਹ ਹੋਰ ਮੰਦਭਾਗੀ ਗੱਲ ਹੈ ਕਿ ਇਕ ਸੀਨੀਅਰ ਕਾਂਗਰਸ ਲੀਡਰ ਇਨਾਂ ਦੋਸ਼ਾਂ ਦਾ ਤੱਥਾਂ ਨਾਲ ਟਾਕਰਾ ਕਰਨ ਦੀ ਬਜਾਏ ਦੋਸ਼ ਲਾਉਣ ’ਤੇ ਉਤਰ ਆਇਆ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ,‘‘ਤੱਥ ਉਨਾਂ ਲੋਕਾਂ ਲਈ ਹੁੰਦੇ ਹਨ ਜੋ ਇਨਾਂ ਨੂੰ ਘੋਖਦੇ ਹਨ ਨਾ ਕਿ ਉਨਾਂ ਲਈ, ਜੋ ਕਿਸੇ ਵੀ ਢੰਗ ਨਾਲ ਸਿਆਸੀ ਲਾਹਾ ਖੱਟਣ ਦੀ ਲਾਲਸਾ ਪਾਲਦੇ ਹਨ।’’