
ਕੌਮੀ ਟੀਵੀ ਚੈਨਲਾਂ ਦਾ ਪੱਖੀਪਾਤੀ ਰਵੱਈਆ ਆਇਆ ਸਾਹਮਣੇ
ਨਾਭਾ : ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ 'ਤੇ ਉਤਰੇ ਕਿਸਾਨਾਂ ਨੂੰ ਵੱਖ-ਵੱਖ ਜਥੇਬੰਦੀਆਂ ਅਤੇ ਭਾਈਚਾਰਿਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਤਹਿਤ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਿੱਖ ਮੁਸਲਿਮ ਸਾਂਝਾ ਪੰਜਾਬ ਦੇ ਆਗੂ ਡਾਕਟਰ ਨਸੀਰ ਮਲੇਰਕੋਟਲਾ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਕਿਸਾਨਾਂ ਦੇ ਧਰਨੇ ਵਿਚ ਪਹੁੰਚੇ।
kisan protest
ਇਸ ਮੌਕੇ ਉਨ੍ਹਾਂ ਨਾਲ ਨਾਭਾ ਤੋਂ ਸਰਪੰਚ ਮੁਸਤਾਕ ਅਲੀ ਕਿੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਸਾਨ ਭਾਈਚਾਰੇ ਨੂੰ ਹਰ ਪੱਖੋਂ ਸਹਿਯੋਗ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਧਰਨੇ ਵਿਚ ਬੈਠੇ ਕਿਸਾਨਾਂ ਨੂੰ ਮਲੇਰਕੋਟਲੇ ਤੋਂ ਲਿਆਂਦੇ ਮਿੱਠੇ ਚਾਵਲਾਂ ਦਾ ਲੰਗਰ ਵੀ ਛਕਾਇਆ।
Muslim Community
ਕਾਬਲੇਗੌਰ ਹੈ ਕਿ ਅੱਜ ਕਿਸਾਨਾਂ ਯੂਨੀਅਨਾਂ ਵਲੋਂ ਦਿਤੇ ਗਏ ਬੰਦ ਦੇ ਸੱਦੇ ਨੂੰ ਪੰਜਾਬ 'ਚ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਡੀ ਗਿਣਤੀ ਲੋਕ ਕਿਸਾਨਾਂ ਦੇ ਹੱਕ 'ਚ ਸੜਕਾਂ 'ਤੇ ਹਨ। ਪੰਜਾਬ ਅੰਦਰ ਗਾਇਕ, ਕਲਾਕਾਰ, ਸਿਆਸੀ ਆਗੂਆਂ ਤੋਂ ਇਲਾਵਾ ਸਮੁੱਚੀ ਲੋਕਾਈ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦੀ ਵਿਖਾਈ ਦਿਤੀ, ਜਦਕਿ ਸੱਤਾਧਾਰੀ ਧਿਰ ਭਾਜਪਾ ਦੇ ਆਗੂ ਅਪਣੀ ਵੱਖਰੀ ਡੱਫਲੀ ਵਜਾਉਂਦੇ ਦਿਖੇ।
Farmers Protest
ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਦੇਸ਼ ਦੇ ਕੌਮੀ ਮੀਡੀਆ ਦਾ ਪੱਖਪਾਤੀ ਰਵੱਈਆ ਵੀ ਖੁਲ੍ਹ ਕੇ ਸਾਹਮਣੇ ਆਇਆ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੜਕਾਂ 'ਤੇ ਉਤਰੇ ਅੰਨਦਾਤੇ ਦੀ ਇਨ੍ਹਾਂ ਚੈਨਲ ਵਾਲਿਆਂ ਨੇ ਪੂਰੀ ਤਰ੍ਹਾਂ ਅਣਦੇਖੀ ਕੀਤੀ ਹੈ। ਜ਼ਿਆਦਾਤਰ ਵੱਡੇ ਟੀਵੀ ਚੈਨਲਾਂ ਦੀਆਂ ਖ਼ਬਰਾਂ ਸਾਰਾ ਦਿਨ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਕੇਸ ਤੋਂ ਇਲਾਵਾ ਫ਼ਿਲਮੀ ਹਸਤੀਆਂ ਵਲੋਂ ਨਸ਼ਿਆਂ ਦੀ ਵਰਤੋਂ ਦੁਆਲੇ ਹੀ ਕੇਂਦਰਿਤ ਰਹੀਆਂ।
Farmers Protest
ਇਸੇ ਤਰ੍ਹਾਂ ਕੁੱਝ ਚੈਨਲ ਚੀਨ ਦੇ ਖ਼ਤਰੇ ਜਾਂ ਚੀਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਖਿੱਚੋਤਾਣ ਦੀਆਂ ਖ਼ਬਰਾਂ ਮਸਾਲੇ ਲਾ ਲਾ ਸਰੋਤਿਆਂ ਸਾਹਮਣੇ ਪਰੋਸਦੇ ਵਿਖਾਈ ਦਿਤੇ। ਕੇਵਲ ਪੰਜਾਬੀ ਦੇ ਸਥਾਨਕ ਚੈਨਲ ਹੀ ਕਿਸਾਨਾਂ ਦੇ ਸੰਘਰਸ਼ ਨੂੰ ਪੂਰੀ ਕਵਰੇਜ਼ ਦੇ ਰਹੇ ਹਨ।