
ਕੇਂਦਰੀ ਖੇਤੀ ਮੰਤਰੀ ਪੰਜਾਬ ਸਰਕਾਰ ਤੇ ਕਾਂਗਰਸ ਖਿਲਾਫ਼ ਕੋਰਾ ਝੂਠ ਬੋਲ ਰਹੇ ਹਨ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਅਪਣੀ ਚਰਮ-ਸੀਮਾਂ 'ਤੇ ਪਹੁੰਚ ਚੁੱਕਾ ਹੈ। ਦੂਜੇ ਪਾਸੇ ਕਿਸਾਨਾਂ ਦੇ ਜੋਸ਼ ਨੂੰ ਠੱਲ੍ਹਣ ਦੀਆਂ ਕਾਰਵਾਈਆਂ ਵੀ ਸ਼ੁਰੂ ਹੋ ਗਈਆਂ ਹਨ। ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਦੌਰਾਨ ਹੀ ਅਪਣਾ ਵੱਖਰਾ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਉਲੀਕ ਲਿਆ ਹੈ, ਉਥੇ ਹੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਵੀ ਪੰਜਾਬ ਨਾਲ ਸਬੰਧਤ ਕੁੱਝ ਟੀਵੀ ਚੈਨਲਾਂ ਸਮੇਤ ਹੋਰ ਪ੍ਰਚਾਰ ਦੇ ਸਾਧਨਾਂ ਜ਼ਰੀਏ ਖੇਤੀ ਕਾਨੂੰਨ ਦੀਆਂ ਤਾਰੀਫ਼ਾਂ ਦੇ ਪੁਲ ਬੰਨੇ ਜਾ ਰਹੇ ਹਨ।
Narendra Singh Tomar
ਭਾਵੇਂ ਦੇਸ਼ ਦੇ ਕੌਮੀ ਮੀਡੀਆ 'ਚੋਂ ਪੰਜਾਬ, ਹਰਿਆਣਾ ਦੇ ਕਿਸਾਨਾਂ ਦੇ ਵੱਡੇ ਸੰਘਰਸ਼ ਦੀ ਕਵਰੇਜ਼ ਲਗਭÎਗ ਗਾਇਬ ਵਿਖਾਈ ਦੇ ਰਹੀ ਹੈ, ਪਰ ਪੰਜਾਬ ਦੇ ਸਥਾਨਕ ਟੀਵੀ ਚੈਨਲਾਂ 'ਤੇ ਵੀ ਕਿਸਾਨਾਂ ਦੇ ਸੰਘਰਸ਼ ਦੇ ਨਾਲ-ਨਾਲ ਕੇਂਦਰੀ ਖੇਤੀ ਮੰਤਰੀ ਦੀਆਂ ਸਫ਼ਾਈਆਂ ਦੇ ਵੀਡੀਓ ਲਗਾਤਾਰ ਚੱਲ ਰਹੇ ਹਨ। ਕੇਂਦਰੀ ਮੰਤਰੀ ਕਿਸਾਨਾਂ ਦੇ ਸ਼ੰਕਿਆਂ ਨੂੰ ਗ਼ਲਤ ਦੱਸਣ ਨਾਲ-ਨਾਲ ਕਿਸਾਨਾਂ ਦੇ ਸੰਘਰਸ਼ ਨੂੰ 'ਕਾਂਗਰਸ ਪ੍ਰੇਰਿਤ' ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਵਿਖਾਈ ਦੇ ਰਹੇ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਬਿਹਾਰ 'ਚ ਮੰਡੀ ਸਿਸਟਮ ਖ਼ਤਮ ਹੋਣ ਬਾਅਦ ਬਣੇ ਹਾਲਤ ਤੋਂ ਇਲਾਵਾ ਪੰਜਾਬ ਅੰਦਰ ਕੁੱਝ ਕੰਪਨੀਆਂ ਵਲੋਂ ਟਮਾਟਰ ਅਤੇ ਆਲੂਆਂ ਦੀ ਖ਼ਰੀਦ ਸਬੰਧੀ ਕਿਸਾਨਾਂ ਨਾਲ ਕੀਤੇ ਸਮਝੌਤਿਆਂ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਦਾਅਵਿਆਂ ਦੀ ਪੋਲ ਖੋਲ੍ਹੀ ਜਾ ਰਹੀ ਹੈ।
Narendra Singh Tomar
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਪੰਜਾਬ ਸਰਕਾਰ ਤੇ ਕਾਂਗਰਸ ਖਿਲਾਫ਼ ਕੋਰਾ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਦੀ ਸਾਜ਼ਿਸ਼ ਅਧੀਨ ਝੂਠੇ ਦਾਅਵੇ, ਦੋਸ਼ ਤੇ ਧੋਖੇ ਨਾਲ ਸਿਰਫ਼ ਜ਼ਬਾਨੀ ਭਰੋਸੇ ਹੀ ਦੇ ਰਹੀ ਹੈ।
Capt. Amarinder Singh
ਕੈਪਟਨ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਕਾਂਗਰਸ ਦਾ 2017 ਵਾਲਾ ਮੈਨੀਫੈਸਟੋ ਦੁਬਾਰਾ ਪੜ੍ਹਨ ਲਈ ਦੀ ਸਲਾਹ ਦਿੰਦਿਆਂ ਕਿਹਾ ਕਿ ਜਿਹੜੇ ਇਹ ਬਿੱਲ ਸਾਡੇ ਤੋਂ ਬਿਨਾਂ ਪੁੱਛੇ ਪਾਸ ਕੀਤੇ ਗਏ ਹਨ ਇਸ ਨਾਲ ਸਾਡੇ ਕਿਸਾਨ ਫਸਣਗੇ ਤੇ ਮਰਨਗੇ। ਕੈਪਟਨ ਨੇ ਸੱਭ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਲੜਾਈ ਕਿਸੇ ਵੀ ਸਿਆਸੀ ਪਾਰਟੀ, ਅਕਾਲੀ ਦਲ, ਕਾਂਗਰਸ ਜਾਂ ਆਪ ਦੀ ਨਹੀਂ ਹੈ। ਇਸ ਵੇਲੇ ਸਭ ਧਿਰਾਂ ਨੂੰ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹਨਾ ਚਾਹੀਦਾ ਹੈ।
Capt Amrinder Singh
ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਲੋਕ ਸਭਾ ਅਤੇ ਰਾਜ ਸਭਾ ਵਾਲਾ ਰਵੱਈਆ ਹੀ ਸੜਕਾਂ 'ਤੇ ਉਤਰੇ ਕਿਸਾਨਾਂ ਨਾਲ ਅਪਨਾ ਰਹੀ ਹੈ। ਉਹ ਕਿਸਾਨਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਢੁਕਵਾਂ ਸਟੈਂਡ ਲੈਣ ਦੀ ਥਾਂ ਜਮ੍ਹਾ-ਜ਼ੁਬਾਨੀ ਦਾਅਵਿਆਂ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਟਾਲਣ ਦੀ ਕੋਸ਼ਿਸ਼ ਰਹੀ ਹੈ। ਖੁਦ ਨੂੰ ਕਿਸਾਨ ਹਿਤੈਸ਼ੀ ਕਹਿੰਦਿਆਂ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਪਿੱਛੇ ਕਾਂਗਰਸ ਦਾ ਹੱਥ ਹੋਣ ਦਾ ਗੱਲ ਕਹਿ ਰਹੀ ਹੈ। ਜਦਕਿ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸਮੇਤ ਸਮੁੱਚੇ ਸਿਆਸੀ ਦਲਾਂ ਤੋਂ ਇਲਾਵਾ ਧਾਰਮਕ, ਸਮਾਜਕ ਜਥੇਬੰਦੀਆਂ ਦੇ ਨਾਲ-ਨਾਲ ਹਰ ਵਰਗ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਾ ਵਿਖਾਈ ਦੇ ਰਿਹਾ ਹੈ। ਮੌਜੂਦਾ ਹਾਲਾਤ ਨੂੰ ਵੇਖਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਅਣਗੋਲਿਆ ਕਰਨਾ ਕੇਂਦਰ ਲਈ ਇੰਨਾ ਸੋਖਾ ਨਹੀਂ ਹੋਵੇਗਾ।