
4 ਲੋਕ ਗੰਭੀਰ ਜ਼ਖ਼ਮੀ
ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ 'ਚ ਵੱਡਾ ਹਾਦਸਾ ਵਾਪਰ ਗਿਆ। ਇਥੇ ਨੀਲੋਂ ਮਾਰਗ ’ਤੇ ਪੈਂਦੇ ਪਿੰਡ ਧੋਲਰਾਂ ਨਹਿਰ ਪੁਲ ਨੇੜੇ ਵਰਦੇ ਮੀਂਹ ਵਿਚ ਸ਼ਨੀਵਾਰ ਸ਼ਾਮ ਦੋ ਕਾਰਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 4 ਜ਼ਖ਼ਮੀ ਹੋ ਗਏ।
ਸਥਾਨਕ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਲਟੋ ਗੱਡੀ ਵਿਚ ਸਵਾਰ ਪਿੰਡ ਸਤਾਬਗੜ੍ਹ ਦੇ ਵਾਸੀ ਆਪਣੇ ਮਰੀਜ਼ ਗੁਰਦੇਵ ਸਿੰਘ ਨੂੰ ਐਂਬੂਲੈਂਸ ਰਾਹੀਂ ਰੂਪਨਗਰ ਦੇ ਹਸਪਤਾਲ ਵਿਚ ਲੈ ਕੇ ਜਾ ਰਹੇ ਸਨ ਅਤੇ ਉਨ੍ਹਾਂ ਐਂਬੂਲੈਂਸ ਦੇ ਨਾਲ ਆਪਣੀ ਗੱਡੀ ਲਗਾਈ ਹੋਈ ਸੀ ਪਰ ਜਦੋਂ ਉਹ ਪਿੰਡ ਧੌਲਰਾਂ ਕੋਲ ਪੁੱਜੇ ਤਾਂ ਸਾਹਮਣਿਓਂ ਆ ਰਹੀ ਈਟੀਓਜ਼ ਗੱਡੀ, ਜੋ ਕਿ ਲੁਧਿਆਣੇ ਵੱਲ ਜਾ ਰਹੀ ਸੀ, ਨੇ ਉਨ੍ਹਾਂ ਦੀ ਆਲਟੋ ਗੱਡੀ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਆਲਟੋ ਗੱਡੀ ਵਿਚ ਸਵਾਰ ਨਰਿੰਦਰ ਕੌਰ ਪਤਨੀ ਗੁਰਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਨਾਲ ਗੱਡੀ ਵਿਚ ਸਵਾਰ ਗੁਰਚਰਨ ਸਿੰਘ, ਜਸਵਿੰਦਰ ਸਿੰਘ, ਮਨਜੀਤ ਕੌਰ ਅਤੇ ਪਰਮਜੀਤ ਕੌਰ ਗੰਭੀਰ ਫੱਟੜ ਹੋ ਗਏ। ਉਨ੍ਹਾਂ ਦੀ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ ਰੈਫਰ ਕਰ ਦਿੱਤਾ।