
ਮਨਿੰਦਰਪ੍ਰੀਤ ਸਿੰਘ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਲੋਵਾਲ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ 27 ਸਾਲਾ ਮਨਿੰਦਰਪ੍ਰੀਤ ਸਿੰਘ ਜੋ ਕਿ ਪਿਛਲੇ ਕਰੀਬ 7 ਸਾਲ ਤੋਂ ਫੌਜ ਦੀ 14 ਸਿੱਖ ਐੱਲ.ਆਈ. 'ਚ ਸਿਪਾਹੀ ਵਜੋਂ ਤਾਇਨਾਤ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਚੀਨ ਦੇ ਬਾਰਡਰ 'ਤੇ ਡਿਊਟੀ ਕਰ ਰਿਹਾ ਸੀ, ਜਿਸ ਤੋਂ ਬਾਅਦ ਸਿਹਤ ਨਾ ਠੀਕ ਹੋਣ ਕਾਰਨ ਉਸ ਨੂੰ ਪਠਾਨਕੋਟ ਵਿਖੇ ਡਿਊਟੀ ’ਤੇ ਭੇਜ ਦਿੱਤਾ ਗਿਆ ਸੀ। ਮਨਿੰਦਰਪ੍ਰੀਤ ਸਿੰਘ ਲੰਮੇਂ ਸਮੇਂ ਤੋਂ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਪੀੜਤ ਸੀ। ਸ਼ਨੀਵਾਰ ਪਠਾਨਕੋਟ ਡਿਊਟੀ ਦੌਰਾਨ ਅਚਾਨਕ ਉਸ ਦੀ ਮੌਤ ਹੋ ਗਈ।
ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਦੇਰ ਸ਼ਾਮ ਉਸ ਦੇ ਜੱਦੀ ਪਿੰਡ ਪਹੁੰਚੀ। ਪਰਿਵਾਰ ਦਾ ਕਹਿਣਾ ਹੈ ਕਿ ਮਨਿੰਦਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਮਨਿੰਦਰਪ੍ਰੀਤ ਦੀ ਪਤਨੀ, ਇਕ 6 ਸਾਲ ਦੀ ਬੱਚੀ ਅਤੇ ਮਾਂ-ਬਾਪ ਹਨ, ਜਿਨ੍ਹਾਂ ਦੀ ਮੰਗ ਹੈ ਕਿ ਮਨਿੰਦਰਪ੍ਰੀਤ ਸਿੰਘ ਨੇ ਦੇਸ਼ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਹੁਣ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਮਨਿੰਦਰਪ੍ਰੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।