
ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਸਬਜ਼ੀਆਂ ਅਤੇ ਝੋਨੇ ਦਾ ਨੁਕਸਾਨ
ਸਰਦੂਲਗੜ੍ਹ, 24 ਸਤੰਬਰ (ਵਿਨੋਦ ਜੈਨ): ਦੋ ਦਿਨਾਂ ਤੋਂ ਲਗਾਤਾਰ ਭਾਰੀ ਬਾਰਸ਼ ਪੈਣ ਕਾਰਨ ਨਰਮਾ ਅਤੇ ਝੋਨੇ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ | 60 ਤੋਂ 70 ਐਮ.ਐਮ ਅਤੇ ਕਈ ਥਾਵਾਂ ਤੇ ਇਸ ਤੋਂ ਵੀ ਜ਼ਿਆਦਾ ਬਾਰਸ਼ ਪੈਣ ਕਾਰਨ ਜਿਥੇ ਨਰਮੇ ਵਿਚ ਪਾਣੀ ਖੜ ਜਾਵੇਗਾ ਉਥੇ ਹੀ ਜਦੋਂ ਧੁੱਪ ਨਿਕਲੇਗੀ ਤਾਂ ਨਰਮਾ ਸੜ ਜਾਵੇਗਾ ਅਤੇ ਝੋਨੇ ਦਾ ਵੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਜੋ ਨਰਮਾ ਖਿੜਿਆ ਹੋਇਆ ਉਸ ਟਿੰਡੇ ਵਿਚ ਪਾਣੀ ਪੈਣ ਕਾਰਨ ਗਲ ਜਾਵੇਗਾ ਜਿਸ ਕਾਰਨ ਨਰਮਾ ਉਤਪਾਦਕਾਂ ਨੂੰ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਹੈ |
ਇਸ ਸਬੰਧ ਵਿਚ ਝੰਡਾ ਕਲਾਂ ਦੇ ਕਿਸਾਨ ਪ੍ਰੋਫ਼ੈਸਰ ਬਲਜੀਤ ਸਿੰਘ ਨੇ ਕਿਹਾ ਕਿ ਭਾਰੀ ਮੀਂਹ ਪੈਣ ਕਾਰਨ ਜਿਥੇ ਨਰਮੇ ਨੂੰ ਨੁਕਸਾਨ ਹੋਵੇਗਾ ਉਥੇ ਹੀ ਝੋਨੇ ਨੂੰ ਵੀ ਕਾਫ਼ੀ ਨੁਕਸਾਨ ਹੋਵੇਗਾ | ਉਨ੍ਹਾ ਕਿਹਾ ਕਿ ਜੋ ਨਰਮੇ ਖਿੜੇ ਹੋਏ ਸਨ ਉਹ ਮੀਂਹ ਨਾਲ ਥੱਲੇ ਡਿੱਗ ਪੈਣਗੇ ਅਤੇ ਟਿੰਡਾ ਵੀ ਗਲ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਭਾਰੀ ਮੀਂਹ ਨਾਲ ਸਬਜ਼ੀਆਂ ਅਤੇ ਸਬਜ਼ੀਆਂ ਦੀ ਪਨੀਰੀ ਵੀ ਖ਼ਰਾਬ ਹੋ ਗਈ ਹੈ | ਇਸ ਸਬੰਧ ਵਿਚ ਕਿਸਾਨ ਨਰੇਸ਼ ਜੈਨ ਨੇ ਕਿਹਾ ਕਿ ਭਾਰੀ ਮੀਂਹ ਨਾਲ ਜਿਥੇ ਨਰਮੇ ਦਾ ਨੁਕਸਾਨ ਹੋਵੇਗਾ ਉੱਥੇ ਹੀ ਝੋਨੇ ਦਾ ਵੀ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਮੀਂਹ ਪੈਣ ਨਾਲ ਅਤੇ ਤੇਜ਼ ਹਵਾਵਾਂ ਚਲਣ ਕਾਰਨ ਝੋਨਾ ਥੱਲੇ ਡਿੱਗ ਪਵੇਗਾ ਅਤੇ ਉਸ ਦੇ ਝਾੜ 'ਤੇ ਵੀ ਅਸਰ ਪੈ ਸਕਦਾ ਹੈ | ਇਸ ਤੋਂ ਇਲਾਵਾ ਝੋਨੇ ਤੇ ਜੋ ਬੂਰ ਪਿਆ ਸੀ ਉਹ ਇਸ ਮੀਂਹ ਨਾਲ ਝੜ ਜਾਵੇਗਾ | ਇਸ ਸਬੰਧ ਵਿਚ ਭਗਵਾਨਪੁਰ ਹੀਂਗਣਾ ਦੇ ਕਿਸਾਨ ਜਗਦੀਪ ਸਿੰਘ ਨੇ ਕਿਹਾ ਕਿ ਇਸ ਬੇਮੌਸਮੀ ਬਾਰਸ਼ ਨਾਲ ਜਿਥੇ ਨਰਮਾ ਉਤਪਾਦਕਾਂ ਨੂੰ ਕਾਫ਼ੀ ਨੁਕਸਾਨ ਹੋਵੇਗਾ ਉੱਥੇ ਹੀ ਝੋਨਾ ਉਤਪਾਦਕਾਂ ਨੂੰ ਵੀ ਕਾਫ਼ੀ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਜੋ ਝੋਨਾ ਛੋਟਾ ਹੈ ਮੀਂਹ ਦਾ ਪਾਣੀ ਦੇ ਨਾਲ
ਡੁੱਬ ਵੀ ਸਕਦਾ ਹੈ | ਜੇਕਰ ਝੋਨੇ ਉਪਰ ਦੀ ਪਾਣੀ ਲੰਘ ਗਿਆ ਤਾਂ ਝੋਨੇ ਦੀ ਫ਼ਸਲ ਖ਼ਤਮ ਹੋ ਜਾਂਦੀ ਹੈ | ਇਸ ਤੋਂ ਇਲਾਵਾ ਇਸ ਰੁਤ
ਦੇ ਮੀਂਹ ਨਾਲ ਨਰਮਾ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਮੀਂਹ ਨਾਲ ਸੁੰਡੀ ਦਾ ਦੁਬਾਰਾ ਹਮਲਾ ਹੋ ਸਕਦਾ ਹੈ | ਨਰਮੇ ਦੀ ਫ਼ਸਲ ਖਿੜਕੇ ਤਿਆਰ ਹੈ ਅਤੇ ਇਸ ਮੀਂਹ ਨਾਲ ਉਸ ਦਾ ਵੀ ਕਾਫ਼ੀ ਨੁਕਸਾਨ ਹੋਵੇਗਾ | ਇਸ ਸਬੰਧ ਵਿਚ ਸਹਾਇਕ ਕਪਾਹ ਵਿਕਾਸ ਅਫ਼ਸਰ ਮਾਨਸਾ ਮਨੋਜ ਕੁਮਾਰ ਨੇ ਕਿਹਾ ਕਿ ਇਹ ਮੀਂਹ ਬਗ਼ੈਰ ਕਿਸੇ ਝੱਖੜ ਹਨੇਰੀ ਤੋਂ ਪਿਆ ਹੈ ਜਿਸ ਕਾਰਨ ਝੋਨੇ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ ਜਦਕਿ ਨਰਮੇ ਨੂੰ ਕੁੱਝ ਨੁਕਸਾਨ ਹੋ ਸਕਦਾ ਹੈ |
ਕੈਪਸ਼ਨ: ਸਬਜ਼ੀਆਂ ਦੀ ਪਨੀਰੀ ਵਿਚ ਮੀਂਹ ਦਾ ਖੜਾ ਹੋਇਆ ਪਾਣੀ |
Mansa_24_S5P_6_1_1