
ਪੰਜਾਬ ਵਿਚ 'ਆਪ੍ਰੇਸ਼ਨ ਲੋਟਸ' ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ 'ਤੇ ਰਾਜਪਾਲ ਵਲੋਂ ਕੀਤੀ ਕਾਰਵਾਈ ਮੰਦਭਾਗੀ : 'ਆਪ'
ਚੰਡੀਗੜ੍ਹ, 24 ਸਤੰਬਰ (ਨਰਿੰਦਰ ਸਿੰਘ ਝਾਮਪੁਰ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਸੂਬਾ ਸਰਕਾਰ ਦੁਆਰਾ 27 ਸਤੰਬਰ ਨੂੰ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਵਿਚਲੇ ਕੰਮਾਂ ਦਾ ਵੇਰਵੇ ਮੰਗੇ ਜਾਣ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਦਭਾਗਾ ਅਤੇ ਨਿੰਦਣਯੋਗ ਕਰਾਰ ਦਿਤਾ ਹੈ | ਉਨ੍ਹਾਂ ਰਾਜਪਾਲ 'ਤੇ ਦੋਸ਼ ਲਾਇਆ ਕਿ ਉਹ ਪੰਜਾਬ ਵਿਚ 'ਆਪ੍ਰੇਸ਼ਨ ਲੋਟਸ' ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ |
ਅੱਜ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿਚ ਕਿਸੇ ਵੀ ਰਾਸ਼ਟਰਪਤੀ ਜਾਂ ਰਾਜਪਾਲ ਨੇ ਸੈਸ਼ਨ ਬੁਲਾਉਣ ਤੋਂ ਪਹਿਲਾਂ ਕਦੇ ਵੀ ਵਿਧਾਨਕ ਕੰਮਾਂ ਦੀ ਸੂਚੀ ਨਹੀਂ ਮੰਗੀ | ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਰਾਜਪਾਲ ਸਪੱਸ਼ਟ ਤੌਰ 'ਤੇ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਨ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੂੰ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋਂ ਰੋਕਣ ਲਈ ਭਾਜਪਾ ਅਤੇ ਕਾਂਗਰਸ ਨਾਲ ਮਿਲ ਕੇ ਕੰਮ ਕਰ ਰਹੇ ਹਨ | ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਅਰੋੜਾ ਨੇ ਕਿਹਾ ਕਿ ਜਿਥੇ ਕਿਤੇ ਵੀ ਭਾਜਪਾ ਦੀ ਸਰਕਾਰ ਨਹੀਂ ਹੈ ਉੱਥੇ ਉਨ੍ਹਾਂ ਦੇ ਰਾਜਪਾਲ ਵਿਰੋਧੀ ਧਿਰ ਵਜੋਂ ਕੰਮ ਕਰ ਰਹੇ ਹਨ | ਉਹ ਸੱਤਾਧਾਰੀ ਸਰਕਾਰਾਂ ਨੂੰ ਕੰਮ ਕਰਨ ਤੋਂ ਰੋਕਣ ਲਈ ਅਤੇ ਅਪਣਾ ਘਟੀਆ ਰਾਜਨੀਤਕ ਏਜੰਡਾ ਲਾਗੂ ਕਰਨ ਲਈ ਅਜਿਹਾ ਕਰ ਰਹੇ ਹਨ | ਇਸੇ ਲਈ ਪੰਜਾਬ ਦੇ ਰਾਜਪਾਲ 'ਆਪ' ਸਰਕਾਰ ਨੂੰ ਵਾਰ-ਵਾਰ ਨੋਟਿਸ ਭੇਜ ਰਹੇ ਹਨ ਅਤੇ ਪਾਰਟੀ ਨੂੰ ਭਾਰਤ ਦੇ ਸੰਵਿਧਾਨ ਅਨੁਸਾਰ ਖੁਲ੍ਹ ਕੇ ਕੰਮ ਕਰਨ ਤੋਂ ਰੋਕ ਰਹੇ ਹਨ |
ਅਮਨ ਅਰੋੜਾ ਅਨੁਸਾਰ, Tਲੋਕਤੰਤਰ ਦਾ ਕਤਲ ਕਰਨ ਦੀ ਤਾਜ਼ਾ ਕੋਸ਼ਿਸ਼ ਇਹ ਹੈ ਕਿ ਭਾਜਪਾ ਦੇ ਇਸ਼ਾਰੇ 'ਤੇ ਗਵਰਨਰ ਦਫ਼ਤਰ ਨੇ 27 ਸਤੰਬਰ ਲਈ ਵਿਧਾਨਕ ਕੰਮਕਾਜ ਦੇ ਵੇਰਵੇ
ਮੰਗੇ, ਜੋ ਪਹਿਲਾਂ ਕਦੇ ਨਹੀਂ ਹੋਇਆ | ਪਹਿਲਾਂ ਵੀ ਭਾਜਪਾ ਦੇ ਕਹਿਣ 'ਤੇ ਰਾਜਪਾਲ ਨੇ 22 ਸਤੰਬਰ ਨੂੰ ਬੁਲਾਏ ਸੈਸ਼ਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਰੱਦ ਕਰ ਦਿਤਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਸੈਸ਼ਨ ਵਿਚ ਆਪਰੇਸ਼ਨ ਲੋਟਸ ਦਾ ਪਰਦਾਫ਼ਾਸ਼ ਹੋਣਾ ਸੀ |'' ਉਨ੍ਹਾਂ ਕਿਹਾ ਕਿ ਦਿੱਲੀ ਵਿਚ ਭਾਜਪਾ ਦੇ ਉਪ ਰਾਜਪਾਲ 'ਆਪ' ਨੂੰ ਕੰਮ ਕਰਨ ਤੋਂ ਰੋਕ ਰਹੇ ਹਨ ਅਤੇ ਹੁਣ ਪੰਜਾਬ ਵਿਚ ਭਾਜਪਾ ਨੇ ਇਹ ਕੰਮ ਰਾਜਪਾਲ ਨੂੰ ਸੌਂਪ ਦਿਤਾ ਹੈ | ਉਹ 'ਆਪ' ਦੀ ਵਧਦੀ ਲੋਕਪਿ੍ਅਤਾ ਤੋਂ ਡਰਦੇ ਹਨ ਅਤੇ ਪਾਰਟੀ ਨੂੰ ਲੋਕ ਪੱਖੀ ਮੁੱਦੇ ਉਠਾਉਣ ਤੋਂ ਕਿਸੇ ਵੀ ਤਰੀਕੇ ਨਾਲ ਰੋਕਣਾ ਚਾਹੁੰਦੇ ਹਨ | ਪਰ 'ਆਪ' ਪਾਰਟੀ ਲੋਕਤੰਤਰ ਦੀ ਰਾਖੀ ਲਈ ਕੰਮ ਕਰਨਾ ਜਾਰੀ ਰੱਖੇਗੀ |