
ਕੀੜੇਮਾਰ ਦਵਾਈਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਗੁਰਦੇਵ ਸਿੰਘ/ਰਣਜੀਤ ਸਿੰਘ): ਸਥਾਨਕ ਮੰਡੀ ਬਰੀਵਾਲਾ ਵਿਖੇ ਬੀਤੀ ਰਾਤ ਮੈਸ: ਤੇਜ ਰਾਮ ਜਗਦੀਸ਼ ਲਾਲ ਨਾਮਕ ਫਰਮ ਦੀ ਕੀੜੇਮਾਰ ਦਵਾਈਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ | ਜਿਸ ਨਾਲ ਦੁਕਾਨ 'ਚ ਵੱਡੀ ਮਾਤਰਾ 'ਚ ਪਈਆਂ ਦਵਾਈਆਂ ਅੱਗ ਦੀ ਭੇਂਟ ਚੜ ਗਈਆਂ ਤੇ ਦੁਕਾਨ ਦੇ ਹਿੱਸੇਦਾਰਾਂ ਦੇ ਦੱਸਣ ਮੁਤਾਬਕ ਤਕਰੀਬਨ 25-30 ਲੱਖ ਰੁਪਏ ਦੀਆਂ ਦਵਾਈਆਂ ਆਦਿ ਦਾ ਨੁਕਸਾਨ ਹੋਇਆ ਹੈ | ਜਗਸੀਰ ਚਰਨਾ, ਰਣਬੀਰ ਕੁਮਾਰ ਭੋਲਾ ਆਦਿ ਨੇ ਜਾਣਕਾਰੀ ਦੌਰਾਨ ਦਸਿਆ ਕਿ ਅੱਗ 'ਤੇ ਕਾਬੂ ਪਾਉਣ ਵਾਲੇ ਵਿਅਕਤੀਆਂ ਮਹੇਸ਼ੀ, ਅਮਨ ਸ਼ਰਮਾ, ਕੁਲਵੰਤ ਸਿੰਘ ਤੇ ਸੋਮੀ ਨੂੰ ਦਵਾਈਆਂ ਚੜ ਗਈਆਂ ਸਨ | ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ, ਜਿਨਾਂ ਦੀ ਹਾਲਤ 'ਚ ਸੁਧਾਰ ਹੈ | ਮੰਡੀ ਨਿਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਫ਼ਾਇਰ ਬਿ੍ਗੇਡ ਦੀ ਸੁਵਿਧਾ ਅੱਗ ਲੱਗਣ ਤੋਂ ਤਕਰੀਬਨ 40 ਮਿੰਟ ਲੇਟ ਪਹੁੰਚਦੀ ਹੈ ਪਰ ਉਸ ਵੇਲੇ ਤਕ ਸੱਭ ਕੁੱਝ ਸੁਆਹ ਹੋ ਚੁੱਕਾ ਸੀ | ਇਸ ਕਰ ਕੇ ਬਰੀਵਾਲਾ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ
ਕਿ ਫਾਇਰ ਬਿ੍ਗੇਡ ਸੁਵਿਧਾ ਬਰੀਵਾਲਾ 'ਚ ਪੱਕੇ ਤੌਰ ਤੇ ਪ੍ਰਦਾਨ ਕੀਤੀ ਜਾਵੇ | ਬਰੀਵਾਲਾ ਵਿਖੇ ਇਸ ਤੋਂ ਪਹਿਲਾਂ ਵੀ ਕਈ ਦੁਕਾਨਾਂ ਤੋਂ ਇਲਾਵਾ ਦੀਵਾਲੀ ਤਿਉਹਾਰ ਵੇਲੇ ਵੀ ਵੱਡਾ ਨੁਕਸਾਨ ਦੁਕਾਨਦਾਰਾਂ ਨੂੰ ਝੱਲਣਾ ਪਿਆ ਹੈ | ਪਿਛਲੇ ਅਨੇਕਾਂ ਸੀਜਨਾਂ ਦੌਰਾਨ ਬਰੀਵਾਲਾ ਤੇ ਆਸ ਪਾਸ ਦੇ ਪਿੰਡਾਂ 'ਚ ਵੀ ਕਿਸਾਨ ਭਰਾਵਾਂ ਦੀਆਂ ਕਣਕ ਦੀਆਂ ਫ਼ਸਲਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ |
ਦੂਜੇ ਪਾਸੇ ਇਸ ਸਬੰਧੀ ਜਦੋਂ ਨਗਰ ਪੰਚਾਇਤ ਬਰੀਵਾਲਾ ਦੀ ਪ੍ਰਧਾਨ ਅਨੀਤਾ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰੀਵਾਲਾ ਵਾਸੀਆਂ ਨੂੰ ਇਹ ਸੁਵਿਧਾ ਪ੍ਰਦਾਨ
ਕਰਾਉਣ ਲਈ ਲਿਖਤੀ ਪੱਤਰ ਰਾਹੀਂ ਹਰ ਸੰਭਵ ਯਤਨ ਕਰਾਂਗੀ | ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਵੀ ਬਰੀਵਾਲਾ ਵਿਖੇ ਫਰਮ ਦੇ ਹਿੱਸੇਦਾਰਾਂ ਕਿ੍ਸ਼ਨ ਚੰਦ ਕ੍ਰਾਂਤੀ, ਮਨਜੀਤ ਰਾਮ ਕਾਲਾ, ਰਣਬੀਰ ਕੁਮਾਰ ਭੋਲਾ ਤੇ ਜਗਸੀਰ ਚਰਨਾ ਆਦਿ ਨਾਲ ਮੁਲਾਕਾਤ ਕਰ ਕੇ ਹੋਏ ਵੱਡੇ ਨੁਕਸਾਨ ਤੇ ਅਫ਼ਸੋਸ ਜਾਰੀ ਕੀਤਾ ਤੇ ਕਿਹਾ ਕਿ ਮੈਂ ਹਰ ਵੇਲੇ 'ਚ ਤੁਹਾਡੇ ਨਾਲ ਖੜਾ ਹਾਂ |
ਫੋਟੋ ਫਾਇਲ : ਐਮਕੇਐਸ 24 - 02