
ਬੀਤੀ 7 ਅਕਤੂਬਰ ਨੂੰ ਬੇਅਦਬੀ ਕਾਂਡ ਦੇ ਰੋਸ ਵਜੋਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਇਕੱਤਰ ਹੋਏ ਵਿਸ਼ਾਲ ਇਕੱਠ ਤੋਂ ਗਦ-ਗਦ ਹੋਏ 'ਆਪ' ਆਗੂ ਸੁਖਪਾਲ ਸਿੰਘ ਖਹਿਰਾ.......
ਕੋਟਕਪੂਰਾ : ਬੀਤੀ 7 ਅਕਤੂਬਰ ਨੂੰ ਬੇਅਦਬੀ ਕਾਂਡ ਦੇ ਰੋਸ ਵਜੋਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਇਕੱਤਰ ਹੋਏ ਵਿਸ਼ਾਲ ਇਕੱਠ ਤੋਂ ਗਦ-ਗਦ ਹੋਏ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਨੇ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਬਾਦਲ ਪਿਉ-ਪੁੱਤਰ, ਸੁਮੇਧ ਸੈਣੀ ਸਮੇਤ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਮਾਮਲਾ ਦਰਜ ਨਾ ਕੀਤਾ ਤਾਂ ਅਸੀਂ ਇਸ ਤੋਂ ਵੀ ਵੱਡਾ ਪ੍ਰੋਗਰਾਮ ਦੇਵਾਂਗੇ। ਉਨ੍ਹਾਂ ਉਕਤ ਮਤੇ ਤੋਂ ਇਲਾਵਾ ਬਾਦਲਾਂ ਤੋਂ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣ ਦੇ ਮਤੇ ਵੀ ਪੇਸ਼ ਕੀਤੇ,
ਜਿਨ੍ਹਾਂ ਨੂੰ ਸੰਗਤ ਨੇ ਹੱਥ ਖੜੇ ਕਰ ਕੇ ਅਤੇ ਜੈਕਾਰੇ ਗਜਾ ਕੇ ਪ੍ਰਵਾਨਗੀ ਦਿਤੀ ਪਰ ਉਸੇ ਦਿਨ ਬਰਗਾੜੀ ਦੇ ਇਨਸਾਫ਼ ਮੋਰਚੇ 'ਚ ਹੋਏ ਵਿਸ਼ਾਲ ਇਕੱਠ ਦੌਰਾਨ ਇਨਸਾਫ਼ ਮੋਰਚੇ ਦੇ ਆਗੂਆਂ ਨੇ ਉਕਤ ਮਤਿਆਂ ਪ੍ਰਤੀ ਸਹਿਮਤੀ ਜਾਂ ਅਸਹਿਮਤੀ ਬਾਰੇ ਇਕ ਸ਼ਬਦ ਵੀ ਨਾ ਵਰਤਿਆ। ਬੰਦ ਕਮਰਾ ਮੀਟਿੰਗ 'ਚ ਭਾਈ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ ਅਤੇ ਬੂਟਾ ਸਿੰਘ ਰਣਸੀਂਹ ਤੋਂ ਇਲਾਵਾ ਬਾਦਲ ਦਲ ਨੂੰ ਅਲਵਿਦਾ ਕਹਿਣ ਵਾਲੇ ਟਕਸਾਲੀ ਅਕਾਲੀ ਜਥੇਦਾਰ ਮੱਖਣ ਸਿੰਘ ਨੰਗਲ ਅਤੇ 'ਆਪ' ਵਿਧਾਇਕ ਜਗਦੇਵ ਸਿੰਘ ਕਮਾਲੂ ਵੀ ਸ਼ਾਮਲ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਹੋਰ ਪ੍ਰੋਗਰਾਮਾਂ ਦੇ ਰੁਝੇਵਿਆਂ ਕਾਰਨ ਸੁਖਪਾਲ ਖਹਿਰਾ ਨੇ ਭਾਈ ਦਾਦੂਵਾਲ ਨਾਲ ਸੰਗਰੂਰ ਵਿਖੇ ਮੀਟਿੰਗ ਕੀਤੀ ਤਾਂ ਉਥੋਂ ਵੀ ਭਾਈ ਮੰਡ ਵਾਲਾ ਜਵਾਬ ਸੁਣਨ ਨੂੰ ਮਿਲਿਆ। ਸ. ਖਹਿਰਾ ਸਾਥੀਆਂ ਸਮੇਤ ਬਰਗਾੜੀ ਵਿਖੇ ਪੁੱਜੇ ਤੇ ਉਨ੍ਹਾਂ ਭਾਈ ਮੰਡ ਮੂਹਰੇ ਸਾਰਾ ਪ੍ਰੋਗਰਾਮ ਰੱਖਦਿਆਂ ਆਖਿਆ ਕਿ ਸਾਡੀ ਪਾਰਟੀ ਦੀ ਬਰਗਾੜੀ ਦੇ ਇਨਸਾਫ਼ ਮੋਰਚੇ ਦੀਆਂ ਮੰਗਾਂ ਨਾਲ ਪੂਰਨ ਸਹਿਮਤੀ ਹੈ ਅਤੇ ਮੰਗਾਂ ਦੀ ਪੂਰਤੀ ਤਕ ਸਮਰਥਨ ਵੀ ਜਾਰੀ ਰਹੇਗਾ ਪਰ ਉਨ੍ਹਾਂ ਦੀ ਇੱਛਾ ਹੈ
ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਨਸ਼ਾ ਤਸਕਰੀ, ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਅਤੇ ਇਨਸਾਫ਼ ਮੋਰਚੇ ਦੀਆਂ ਤਿੰਨ ਮੰਗਾਂ ਦੇ ਸਬੰਧ 'ਚ ਬਰਗਾੜੀ ਤੋਂ ਚੰਡੀਗੜ੍ਹ ਲਈ ਰੋਸ ਮਾਰਚ ਦਾ ਪ੍ਰੋਗਰਾਮ ਉਲੀਕਿਆ ਜਾਵੇ, ਉਸ ਵਿਚ ਇਨਸਾਫ਼ ਮੋਰਚੇ ਦੇ ਆਗੂਆਂ ਦੀ ਸ਼ਮੂਲੀਅਤ ਜ਼ਰੂਰ ਹੋਵੇ। ਭਾਈ ਧਿਆਨ ਸਿੰਘ ਮੰਡ ਨੇ ਸਪੱਸ਼ਟ ਕੀਤਾ ਕਿ ਇਨਸਾਫ਼ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਸੀ ਤੇ ਪਹਿਲੇ ਦਿਨ ਹੀ ਉਨ੍ਹਾਂ ਐਲਾਨ ਕੀਤਾ ਸੀ ਕਿ ਮੰਗਾਂ ਦੀ ਪੂਰਤੀ ਤਕ ਉਕਤ ਮੋਰਚੇ ਨੂੰ ਸ਼ਾਂਤਮਈ ਰਖਿਆ ਜਾਵੇਗਾ ਤੇ ਭਾਵੇਂ ਇਸ ਸਬੰਧੀ ਕਿੰਨਾ ਲੰਮਾ ਸਮਾਂ ਸੰਘਰਸ਼ ਕਰਨਾ ਪੈ ਜਾਵੇ।