
ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਰੇਲ ਪਟੜੀਆਂ 'ਤੇ ਅਕਸਰ ਵਾਪਰਦੇ...
ਅੰਮ੍ਰਿਤਸਰ (ਸ.ਸ.ਸ) : ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਰੇਲ ਪਟੜੀਆਂ 'ਤੇ ਅਕਸਰ ਵਾਪਰਦੇ ਰੇਲ ਹਾਦਸੇ ਰੋਕਣ ਲਈ ਪੱਕੇ ਪ੍ਰਬੰਧ ਕਰਨ ਵਾਸਤੇ ਕੇਂਦਰੀ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਨੂੰ ਪੱਤਰ ਲਿਖਿਆ ਹੈ। ਅੱਜ ਸਰਕਟ ਹਾਊਸ ਵਿਖੇ ਹਾਦਸੇ ਦੌਰਾਨ ਜਾਨ ਗੁਆ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਚੈਕ ਵੰਡਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ. ਸਿੱਧੂ ਨੇ ਦੱਸਿਆ ਕਿ ਬੀਤੇ 2 ਸਾਲਾਂ ਵਿਚ ਕੇਵਲ ਉਤਰੀ ਭਾਰਤ ਵਿਚ ਹੀ ਰੇਲ ਪਟੜੀਆਂ 'ਤੇ ਵਾਪਰਦੇ ਹਾਦਸਿਆਂ ਕਾਰਨ 50 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ, ਜਿਸ ਲਈ ਜ਼ਰੂਰੀ ਹੈ ਕਿ ਰੇਲ ਮੰਤਰਲਾ ਇੰਨਾ ਮੌਤਾਂ ਨੂੰ ਰੋਕਣ ਲਈ ਪ੍ਰਬੰਧ ਕਰੇ।
Navjot Singh Sidhu
ਸ. ਸਿੱਧੂ ਨੇ ਦੱਸਿਆ ਕਿ ਰੇਲ ਮੰਤਰੀ ਨੂੰ ਭੇਜੇ ਪੱਤਰ ਵਿਚ ਉਨਾਂ ਮੰਗ ਕੀਤੀ ਹੈ ਕਿ ਰੇਲ ਪਟੜੀਆਂ 'ਤੇ ਖਾਸ ਕਰਕੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਮੁੰਬਈ-ਪੂਨਾ ਹਾਈਵੇ ਦੀ ਤਰਾਂ ਫੈਂਸਿੰਗ ਕੀਤੀ ਜਾਵੇ, ਤਾਂ ਜੋ ਕੋਈ ਅਣਭੋਲ ਵਿਅਕਤੀ ਜਾਂ ਜਾਨਵਰ ਰੇਲ ਦੀ ਲਪੇਟ ਵਿਚ ਨਾ ਆ ਸਕੇ। ਲਿਖੇ ਪੱਤਰ ਵਿਚ ਉਨਾਂ ਸੀ ਸੀ ਟੀ ਵੀ ਕੈਮਰੇ ਲਗਾਉਣ, ਪਟੜੀ 'ਤੇ ਨਿਰੰਤਰ ਗਸ਼ਤ ਕਰਨ ਅਤੇ ਅਲਾਰਮ ਆਦਿ ਲਗਾਉਣ ਦਾ ਸੁਝਾਅ ਦਿੱਤੇ ਹਨ। ਸ. ਸਿੱਧੂ ਨੇ ਲਿਖਿਆ ਹੈ ਕਿ ਜੇਕਰ ਇਸ ਵਾਸਤੇ ਰਾਜ ਸਰਕਾਰ ਦਾ ਕੋਈ ਸਹਿਯੋਗ ਚਾਹੀਦੀ ਹੋਵੇ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇਸ ਮੁੱਦੇ 'ਤੇ ਗੱਲਬਾਤ ਕਰਨਗੇ।
Navjot Singh Sidhu
ਅੱਜ ਤਿੰਨ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿੰਦੇ ਸ. ਸਿੱਧੂ ਨੇ ਦੱਸਿਆ ਕਿ ਹੁਣ ਤੱਕ 41 ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਬਾਕੀਆਂ ਨੂੰ ਵੀ ਛੇਤੀ ਦੇ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਹ ਤਾਂ ਮਦਦ ਦੀ ਇਕ ਸ਼ੁਰੂਆਤ ਹੈ, ਇਸ ਤੋਂ ਅੱਗੇ ਹੋਰ ਬਹੁਤ ਕੁੱਝ ਕਰਨਾ ਇੰਨਾ ਪਰਿਵਾਰਾਂ ਲਈ ਬਾਕੀ ਹੈ, ਜਿਸ ਲਈ ਸਾਡੀ ਸਰਕਾਰ ਦ੍ਰਿੜ ਹੈ ਅਤੇ ਅਸੀਂ ਹਰ ਪੀੜਤ ਘਰ ਦਾ ਚੁੱਲਾ ਬਲਦਾ ਰੱਖਾਂਗੇ।
Navjot Singh Sidhu
ਕੈਬਨਿਟ ਮੰਤਰੀ ਨੇ ਫੌਰੀ ਤੌਰ 'ਤੇ ਵੰਡੀ ਜਾ ਰਹੀ ਸਹਾਇਤਾ ਰਾਸ਼ੀ ਲਈ ਜਿਲਾ ਪ੍ਰਸ਼ਾਸਨ ਦੀ ਸਰਾਹਨਾ ਕਰਦੇ ਕਿਹਾ ਕਿ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਟੀਮ ਨੇ ਦਿਨ-ਰਾਤ ਕਰਕੇ 4-5 ਮਹੀਨਿਆਂ ਵਿਚ ਹੋਣ ਵਾਲਾ ਕੰਮ 3 ਦਿਨਾਂ ਵਿਚ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜਿਸ ਤਰਾਂ ਜ਼ਖਮੀ ਮਰੀਜਾਂ ਨੂੰ ਜਿਲਾ ਪ੍ਰਸ਼ਾਸਨ ਨੇ ਸਾਂਭਿਆ ਹੈ, ਉਹ ਵੀ ਆਪਣੇ ਆਪ ਵਿਚ ਇਕ ਮਿਸਾਲ ਹੈ ਕਿ ਕਿਸੇ ਨੂੰ ਦਵਾਈ, ਖੂਨ, ਡਾਕਟਰ, ਪੈਸੇ ਆਦਿ ਦੀ ਤੋਟ ਮਹਿਸੂਸ ਹੀ ਨਹੀਂ ਹੋਈ।
Navjot Singh Sidhu
ਸ. ਸਿੱਧੂ ਨੇ ਰੇਲ ਹਾਦਸੇ 'ਤੇ ਰਾਜਨੀਤੀ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਘਟੀਆ ਪੱਧਰ ਦੀ ਸਿਆਸਤ ਛੱਡ ਕੇ ਉਸਾਰੂ ਪਹੁੰਚ ਅਪਨਾਉਣ ਤੇ ਪੀੜਤ ਪਰਿਵਾਰਾਂ ਲਈ ਢਾਰਸ ਬਣਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।