
ਇਹ ਤਾਂ 'ਲੱਡੂ ਟਰੇਨ' ਸੀ ਜੋ ਬਹੁਤ ਹੌਲੀ ਚਲਦੀ ਹੈ, ਰੇਲਵੇ ਮਹਿਕਮਾ ਜਾਂਚ ਕਰਵਾਏ ਕਿ ਦੁਸਹਿਰੇ ਵਾਲੇ ਦਿਨ ਇਹ 'ਐਕਸਪ੍ਰੈਸ' ਕਿਵੇਂ ਬਣ ਗਈ?
ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਰੇਲ ਹਾਦਸੇ ਵਿਚ ਅਨਾਥ ਹੋਏ ਬੱਚਿਆਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਅਨਾਥ ਬੱਚਿਆਂ ਲਈ ਮਸੀਹਾ ਦੇ ਰੂਪ ਵਿਚ ਸਾਹਮਣੇ ਆਏ ਸਿੱਧੂ ਜੋੜਾ ਜਨਰਲ ਤੇ ਪੜ੍ਹਾਈ ਦਾ ਸਾਰਾ ਖ਼ਰਚਾ ਚੁਕੇਗਾ। ਨਵਜੋਤ ਸਿੰਘ ਸਿੱਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਲੋਕ ਉਨ੍ਹਾਂ ਦਾ ਪਰਵਾਰ ਹਨ। ਸਰਕਾਰ ਇਨ੍ਹਾਂ ਬੱਚਿਆਂ ਦਾ ਅਪਣੇ ਤੌਰ 'ਤੇ ਪ੍ਰਬੰਧ ਕਰ ਰਹੀ ਹੈ ਅਤੇ ਉਹ ਅਪਣੇ ਤੌਰ 'ਤੇ ਪੀੜਤਾਂ ਦੀ ਮਦਦ ਕਰਨਗੇ।
ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਨੇ ਵੱਖ ਵੱਖ ਹਸਪਤਾਲਾਂ ਵਿਚ ਜਾ ਕੇ ਪੀੜਤਾਂ ਦੀ ਸਿਹਤ ਦੀ ਜਾਣਕਾਰੀ ਲਈ ਅਤੇ ਦੁਖੜੇ ਵੀ ਸੁਣੇ। ਬਾਅਦ ਵਿਚ ਅੰਮ੍ਰਿਤਸਰ ਵਿਖੇ ਸਿੱਧੂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਰੇਲਵੇ ਵਿਭਾਗ ਦਾ ਹਾਦਸੇ ਤੋਂ ਪੱਲਾ ਝਾੜ ਲੈਣਾ ਗ਼ਲਤ ਹੈ ਤੇ ਡਰਾਈਵਰ ਤੇ ਗੇਟਮੈਨ ਨੂੰ ਵੀ ਕਲੀਨ ਚਿੱਟ ਦੇਣਾ ਸਰਾਸਰ ਗ਼ੈਰ ਜ਼ਿੰਮੇਵਰਾਨਾ ਹੈ। ਨਵਜੋਤ ਸਿੰਘ ਸਿੱਧੂ ਨੇ ਕਈ ਅਜਿਹੀਆਂ ਵੀਡਿਉਜ਼ ਵਿਖਾਈਆਂ ਜਿਨ੍ਹਾਂ ਵਿਚ ਦਿਨ ਸਮੇਂ ਗੱਡੀ ਹੌਲੀ ਆਉਂਦੀ ਵਿਖਾਈ ਗਈ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਮੁਸਾਫ਼ਰਾਂ ਵਿਚ ਇਹ ਲੱਡੂ ਟਰੇਨ ਦੇ ਨਾਂ ਨਾਲ ਜਾਣੀ ਜਾਂਦੀ ਹੈ ਤੇ ਲੱਡੂਆਂ ਵਾਲੇ ਰੁਟੀਨ 'ਚ ਹੀ ਘਟਨਾ ਸਥਾਨ 'ਤੇ ਉਤਰਦੇ ਹਨ।
ਇਕ ਪਾਸੇ ਸਿੱਧੂ ਜੋੜਾ ਰੇਲ ਹਾਦਸੇ ਦੇ ਪੀੜਤਾਂ ਲਈ ਮਸੀਹਾ ਬਣਾ ਕੇ ਨਿੱਤਰ ਰਿਹਾ ਹੈ, ਦੂਜੇ ਬੰਨੇ ਉਨ੍ਹਾਂ ਦਾ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਸਿੱਧੂ ਪਤੀ-ਪਤਨੀ ਨੂੰ ਦੋਸ਼ੀ ਠਹਿਰਾਉਂਦਿਆਂ ਅਸਤੀਫ਼ੇ ਲੈ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਿਹਾ ਹੈ। ਪਰ ਸਿੱਧੂ ਜੋੜਾ ਅਜਿਹੇ ਇਲਜ਼ਾਮਾਂ ਤੋਂ ਅਭਿਜ ਪੀੜਤਾਂ ਦੀ ਹਰ ਤਰ੍ਹਾਂ ਨਾਲ ਮਦਦ ਵਿਚ ਜੁਟਿਆ ਨਜ਼ਰ ਆ ਰਿਹਾ ਹੈ।