
BSF ਦੇ ਜਵਾਨਾਂ ਨੇ ਭਿਖੀਵਿੰਡ ਸੈਕਟਰ 'ਚ ਭਾਰਤ-ਪਾਕਿ ਸਰਹੱਦ ਦੀ ਫੈਂਸਿੰਗ ਪਾਰ ਇਕ...
ਤਰਨਤਾਰਨ: BSF ਦੇ ਜਵਾਨਾਂ ਨੇ ਭਿਖੀਵਿੰਡ ਸੈਕਟਰ 'ਚ ਭਾਰਤ-ਪਾਕਿ ਸਰਹੱਦ ਦੀ ਫੈਂਸਿੰਗ ਪਾਰ ਇਕ ਪਾਕਿ ਘੁਸਪੈਠੀਆ ਮਾਰ ਮੁਕਾਇਆ। ਇਹ ਭਾਰਤੀ ਖੇਤਰ 'ਚ ਘੁਸਪੈਠ ਕਰਨ ਦਾ ਯਤਨ ਕਰ ਰਿਹਾ ਸੀ ਤੇ BSF ਦੀ ਚਿਤਾਵਨੀ ਦੇ ਬਾਵਜੂਦ ਅੱਗੇ ਵਧਦਾ ਜਾ ਰਿਹਾ ਸੀ। ਇਸ ਲਈ ਉਸ ਨੂੰ ਮਾਰ ਦਿੱਤਾ। BSF ਨੇ ਪਾਕਿ ਰੇਂਜਰਜ਼ ਨੂੰ ਇਸ ਦੀ ਸੂਚਨਾ ਦਿੰਦੇ ਹੋਏ ਫਲੈਗ ਮੀਟਿੰਗ ਲਈ ਕਿਹਾ ਹੈ।
BSF
ਭਿਖੀਵਿੰਡ ਸੈਕਟਰ 'ਚ ਤਾਇਨਾਤ BSF ਦੀ 138 ਬਟਾਲੀਅਨ ਦੇ ਜਵਾਨ ਬਾਰਡਰ ਆਬਜ਼ਰਵਿੰਗ ਪੋਸਟ (BOP) ਭਰੋਪਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬੀਤੀ ਰਾਤ ਕਰੀਬ 9.43 ਵਜੇ ਪਾਕਿਸਤਾਨ ਵੱਲੋਂ ਇਕ ਇਨਸਾਨੀ ਪਰਛਾਵੇਂ ਨੂੰ ਭਾਰਤੀ ਖੇਤਰ ਵੱਲ ਵਧਦੇ ਦੇਖਿਆ। ਫੋਰਸ ਦੀ ਟੁਕੜੀ ਚੁਕੰਨੀ ਹੋ ਗਈ ਤੇ ਅੱਗੇ ਵਧ ਰਹੇ ਘੁਸਪੈਠੀਏ ਨੂੰ ਚਿਤਾਵਨੀ ਦਿੰਦਿਆਂ ਵਾਪਸ ਮੁੜਨ ਨੂੰ ਕਿਹਾ, ਪਰ ਉਹ ਚੁਣੌਤੀ ਨੂੰ ਅਣਗੌਲਿਆ ਕਰਦਾ ਲਗਾਤਾਰ ਅੱਗੇ ਵਧਦਾ ਗਿਆ। ਇਸ 'ਤੇ BSF ਦੇ ਜਵਾਨਾਂ ਨੇ ਉਸ 'ਤੇ ਫਾਇਰ ਖੋਲ੍ਹ ਦਿੱਤੀ ਜਿਸ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਦਮ ਤੋੜ ਦਿੱਤਾ।
BSF, India
BSF ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਇਲਾਕੇ 'ਚ ਕੀਤੀ ਗਈ ਖੋਜ ਤੋਂ ਬਾਅਦ ਇਕ ਪਾਕਿ ਨਾਗਰਿਕ ਦੀ ਲਾਸ਼ ਮਿਲੀ ਜਿਸ ਦੀ ਉਮਰ ਲਗਪਗ 45 ਸਾਲ ਹੈ। BSF ਅਧਿਕਾਰੀਆਂ ਨੇ ਇਸ ਦੀ ਸੂਚਨਾ ਪਾਕਿ ਰੇਂਜਰਜ਼ ਨੂੰ ਦਿੰਦੇ ਹੋਏ ਫਲੈਗ ਮੀਟਿੰਗ ਲਈ ਕਿਹਾ ਤਾਂ ਜੋ ਲਾਸ਼ ਦੀ ਪਛਾਣ ਤੋਂ ਬਾਅਦ ਉਸ ਨੂੰ ਪਾਕਿ ਰੇਂਜਰਜ਼ ਦੇ ਹਵਾਲੇ ਕੀਤਾ ਜਾ ਸਕੇ।