
ਸੀਨੀਅਰ ਲੀਡਰਸ਼ਿਪ ਦੇ ਤੱਤੇ ਬਿਆਨਾਂ ਨੇ ਕਿਸਾਨੀ ਪਿਛੋਕੜ ਵਾਲੇ ਭਾਜਪਾ ਆਗੂਆਂ ਦੀਆਂ ਮੁਸ਼ਕਲਾਂ ਵਧਾਈਆਂ
ਚੰਡੀਗੜ੍ਹ : ਪੰਜਾਬ ਅੰਦਰ ਕਿਸਾਨੀ ਨਾਲ ਲਿਆ ਪੰਗਾ ਭਾਜਪਾ ਨੂੰ ਭਾਰੀ ਪੈਣ ਲੱਗਾ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਲੋਂ ਵਿਖਾਈ ਜਾ ਰਹੀ ਹਠ-ਧਰਮੀ ਦਾ ਕਿਸਾਨੀ ਘੋਲ 'ਤੇ ਸਿੱਧਾ ਅਸਰ ਹੋ ਰਿਹਾ ਹੈ। ਭਾਜਪਾ ਲੀਡਰਸ਼ਿਪ ਵਲੋਂ ਦਿਤੇ ਜਾ ਰਹੇ ਤੱਤੇ ਬਿਆਨਾਂ ਕਾਰਨ ਕਿਸਾਨਾਂ ਦੇ ਹੌਂਸਲੇ ਡਿੱਗਣ ਦੀ ਥਾਂ ਹੋਰ ਬੁਲੰਦ ਹੋ ਰਹੇ ਹਨ। ਬੀਤੇ ਦਿਨੀਂ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵਲੋਂ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਵਿਚੋਲੀਆ ਕਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਕਿਸੇ ਵੀ ਹਾਲਤ 'ਚ ਵਾਪਸ ਨਾ ਲੈਣ ਦੇ ਦਿਤੇ ਬਿਆਨ ਦਾ ਕਿਸਾਨੀ ਘੋਲ 'ਤੇ ਅਸਰ ਨਾੜ 'ਚ ਲੱਗੇ ਟੀਕੇ ਵਰਗਾ ਹੋਇਆ ਹੈ।
PM Modi
ਪੰਜਾਬ ਭਾਜਪਾ ਦੀ ਲੀਡਰਸ਼ਿਪ ਪਹਿਲਾਂ ਹੀ ਤਣਾਅਪੂਰਨ ਮਾਹੌਲ 'ਚੋਂ ਗੁਜ਼ਰ ਰਹੀ ਹੈ, ਉਪਰੋਂ ਕੇਂਦਰੀ ਲੀਡਰਸ਼ਿਪ ਦੀ ਹੱਠਧਰਮੀ ਉਨ੍ਹਾਂ ਦੇ ਰਸਤਿਆਂ 'ਚ ਹੋਰ ਕੰਡੇ ਬੀਜ ਰਹੀ ਹੈ। ਇਹੀ ਵਜ੍ਹਾ ਹੈ ਕਿ ਬੀਤੇ ਦਿਨਾਂ ਦੌਰਾਨ ਭਾਜਪਾ ਨਾਲ ਜੁੜੇ ਵੱਡੀ ਗਿਣਤੀ ਸਿੱਖ ਚਿਹਰਿਆਂ ਵਲੋਂ ਅਸਤੀਫ਼ੇ ਦੇਣ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਬੀਜੇਪੀ ਕਿਸਾਨ ਮੋਰਚਾ ਦੇ ਸੂਬਾ ਇੰਚਾਰਜ ਤੇ ਭਾਜਪਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ ਗਿੱਲ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿਤਾ। ਇਸੇ ਤਰ੍ਹਾਂ ਮੋਗਾ ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਸਰਦੂਲ ਸਿੰਘ ਕੰਗ ਤੇ ਉਪ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਦਿਤਾ ਹੈ।
JP Nadda
ਇਸ ਤੋਂ ਪਹਿਲਾਂ ਵੀ ਬੀਜੇਪੀ ਦੇ ਕਈ ਸਥਾਨਕ ਲੀਡਰ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਭਾਜਪਾ ਲੀਡਰਸ਼ਿਪ ਦਾ ਹਠ-ਧਰਮੀ ਜਾਰੀ ਰਹਿਣ ਦੀ ਸੂਰਤ 'ਚ ਭਾਜਪਾ ਦੇ ਹੋਰ ਬਹੁਤ ਸਾਰੇ ਆਗੂ ਭਾਜਪਾ ਤੋਂ ਕਿਨਾਰਾ ਕਰਨ ਦੀ ਤਿਆਰੀ 'ਚ ਹਨ। ਸੌਦਾ ਸਾਧ ਨੂੰ ਮੁਆਫ਼ੀ ਅਤੇ ਬੇਅਦਬੀ ਮਾਮਲਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਹਾਸ਼ੀਏ 'ਤੇ ਜਾਣ ਤੋਂ ਬਾਅਦ ਭਾਜਪਾ ਨੇ ਮੋਦੀ ਲਹਿਰ ਦਾ ਲਾਹਾ ਲੈਂਦਿਆਂ ਸਿੱਖ ਚਿਹਰਿਆਂ ਦੇ ਸਿਰ 'ਤੇ ਪੰਜਾਬ ਫਤਹਿ ਕਰਨ ਦੀ ਯੋਜਨਾ ਬਣਾਈ ਸੀ। ਇਸੇ ਤਹਿਤ ਪਿਛਲੇ ਸਮੇਂ ਦੌਰਾਨ ਕਈ ਵੱਡੇ ਸਿੱਖ ਚਿਹਰੇ ਭਾਜਪਾ ਨਾਲ ਜੁੜੇ ਸਨ।
Kissan protest
ਹੁਣ ਜਦੋਂ ਭਾਜਪਾ ਦੀ ਕਿਸਾਨਾਂ ਨਾਲ ਵਿਗੜ ਗਈ ਹੈ ਤਾਂ ਕਿਸਾਨੀ ਪਿਛੋਕੜ ਵਾਲੇ ਇਹ ਆਗੂ ਡਾਢੀ ਔਖ ਮਹਿਸੂਸ ਕਰ ਰਹੇ ਹਨ। ਭਾਜਪਾ ਦੀ ਹਠਧਰਮੀ ਤੋਂ ਬਾਅਦ ਉਹ ਸਿਆਸਤ ਛੱਡ ਅਪਣੇ ਭਾਈਚਾਰੇ ਵੱਲ ਪਰਤਣ ਨੂੰ ਪਹਿਲ ਦੇਣ ਲੱਗੇ ਹਨ। ਮੋਦੀ ਸਰਕਾਰ ਦੀ ਅੜੀ ਦਾ ਖਮਿਆਜ਼ਾ ਭਾਜਪਾ ਦੇ ਸਥਾਨਕ ਆਗੂਆਂ ਨੂੰ ਭੁਗਤਣਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਆਗੂਆਂ ਦੇ ਘਰਾਂ ਦੀ ਮੋਰਚਾਬੰਦੀ ਜਾਰੀ ਹੈ। ਭਾਜਪਾ ਤੋਂ ਕਿਨਾਰਾ ਕਰਨ ਵਾਲੇ ਤਰਲੋਚਨ ਸਿੰਘ ਗਿੱਲ ਦੇ ਘਰ ਬਾਹਰ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਲਗਾਤਾਰ 13 ਦਿਨਾਂ ਤੋਂ ਧਰਨਾ ਦਿਤਾ ਜਾ ਰਿਹਾ ਸੀ।
protest
ਗਿੱਲ ਮੁਤਾਬਕ ਉਨ੍ਹਾਂ ਨੂੰ ਕੋਈ ਹੱਲ ਨਿਕਲ ਆਉਣ ਦੀ ਉਮੀਦ ਸੀ ਪਰ ਕੇਂਦਰੀ ਲੀਡਰਸ਼ਿਪ ਦੀ ਹੱਠਧਰਮੀ ਕਾਰਨ ਉਨ੍ਹਾਂ ਨੂੰ ਸਖ਼ਤ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਗਿੱਲ ਮੁਤਾਬਕ ਉਹ ਪਾਰਟੀ ਲੀਡਰਸ਼ਿਪ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਕਹਿ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਮੰਨੀ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਕਾਬਲੇਗੌਰ ਹੈ ਕਿ ਭਾਜਪਾ ਤੋਂ ਕਿਨਾਰਾ ਕਰਨ ਵਾਲੇ ਜ਼ਿਆਦਾਤਰ ਆਗੂ ਸੀਨੀਅਰ ਲੀਡਰਸ਼ਿਪ ਦੀ ਜਿੱਦ ਤੋਂ ਪ੍ਰੇਸ਼ਾਨ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਭਾਜਪਾ ਲੀਡਰਸ਼ਿਪ 'ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਾ ਸਮਝਣ ਦੇ ਦੋਸ਼ ਲਗਾਏ ਗਏ ਸਨ।
Kisan Unions
ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਕਿਸਾਨੀ ਘੋਲ ਦੇ ਲੰਮੇਰਾ ਖਿੱਚਣ ਦਾ ਖਮਿਆਜ਼ਾ ਭਾਜਪਾ ਨੂੰ ਹਰ ਹਾਲ ਭੁਗਤਣਾ ਪਵੇਗਾ। ਇਹ ਨੁਕਸਾਨ ਪੰਜਾਬ ਤਕ ਹੀ ਸੀਮਤ ਨਹੀਂ ਰਹੇਗਾ। ਪੰਜਾਬ ਅੰਦਰ ਵਾਪਰ ਰਹੀਆਂ ਘਟਨਾਵਾਂ 'ਤੇ ਦੇਸ਼ ਭਰ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਭਾਜਪਾ ਦੇ ਰਾਜ ਵਾਲੇ ਸੂਬਿਆਂ ਸਮੇਤ ਦੇਸ਼ ਭਰ 'ਚ ਝੋਨੇ ਸਮੇਤ ਹੋਰ ਫ਼ਸਲਾਂ ਦੀ ਹੋ ਰਹੀ ਬੇਕਦਰੀ ਬਲਦੀ 'ਤੇ ਤੇਲ ਦਾ ਕੰਮ ਕਰ ਰਹੀ ਹੈ। ਭਾਜਪਾ ਦੀ ਹਠਧਰਮੀ ਦਾ ਅਸਰ ਪੰਜਾਬ ਤੋਂ ਬਾਅਦ ਬਾਕੀ ਦੇਸ਼ ਅੰਦਰ ਕਿਸਾਨੀ ਪਿਛੋਕੜ ਵਾਲੇ ਭਾਜਪਾ ਆਗੂਆਂ 'ਤੇ ਪੈਣ ਦੇ ਅਸਾਰ ਹਨ।