
ਮੋਦੀ ਤੇ ਉਸ ਦੇ ਸਾਥੀਆਂ ਨੂੰ ਗਲਤੀ ਦਾ ਅਹਿਸਾਸ ਦਿਵਾਉਣ ਤੋਂ ਬਾਅਦ ਹੀ ਅਸੀਂ ਘਰ ਵਾਪਸ ਜਾਵਾਂਗੀਆਂ ਉਦੋਂ ਤੱਕ ਸਾਡੇ ਡੇਰੇ ਸੜਕਾਂ 'ਤੇ ਹੀ ਰਹਿਣਗੇ- ਕਿਸਾਨ ਬੀਬੀਆਂ
ਮੋਗਾ(ਅਮਜ਼ਦ ਖਾਨ): ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਦੁਸਹਿਰੇ ਮੌਕੇ ਮੋਗਾ ਦੀ ਨੇਚਰਵੇ ਪਾਰਕ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਦੇ ਨਾਲ ਹੀ ਸਥਾਨਕ ਰੇਲਵੇ ਰੋਡ 'ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਤੇ ਉਸ ਦੇ ਸਮਰਥਕਾਂ ਦਾ ਵਿਸ਼ਾਲ ਪੁਤਲਾ ਬਣਾ ਕੇ ਬਾਜ਼ਾਰਾਂ ਵਿਚ ਘੁੰਮਦਿਆਂ ਹੋਇਆਂ ਕੂੜੇ ਦੇ ਡੰਪ ਦੇ ਸੁੱਟਿਆ ਗਿਆ।
Farmer Protest
ਦੱਸ ਦਈਏ ਕਿ ਅੱਜ ਦੇਸ਼ ਭਰ ਵਿਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਪੀਐਮ ਮੋਦੀ ਸਮੇਤ ਅੰਬਾਨੀ-ਅਡਾਨੀ ਦੇ ਪੁਤਲੇ ਫੂਕਣ ਦਾ ਐਲ਼ਾਨ ਕੀਤਾ ਸੀ। ਇਸ ਦੇ ਚਲਦਿਆਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ।
Farmer Protest
ਸਥਾਨਕ ਨੇਚਰਵੇ ਪਾਰਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਅਤੇ ਦੇਸ਼ ਦੇ ਕਈ ਵੱਡੇ ਘਰਾਣਿਆਂ ਦੇ ਮਾਲਕ ਅਡਾਨੀ-ਅੰਬਾਨੀ ਸਮੇਤ ਬਾਬਾ ਰਾਮਦੇਵ ਤੇ ਹੋਰ ਕਈ ਵੱਡੇ ਲੀਡਰਾਂ ਦਾ ਵਿਸ਼ਾਲ ਪੁਤਲਾ ਬਣਾਇਆ ਗਿਆ।
Farmer Protest
ਇਸ ਪੁਤਲੇ ਨੂੰ ਰੇਲਵੇ ਸਟੇਸ਼ਨ ਤੋਂ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਸ਼ਹਿਰ ਦੇ ਮੇਨ ਬਾਜ਼ਾਰਾਂ ਵਿਚ ਘੁਮਾਉਣ ਤੋਂ ਬਾਅਦ ਰੇਲਵੇ ਰੋਡ ਉਪਰ ਬਣੇ ਕੂੜੇ ਦੇ ਡੰਪ ਵਿਚ ਲਿਜਾ ਕੇ ਸੁੱਟ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਇਸੇ ਕਾਬਲ ਹੈ।
Farmer Protest
ਇਸ ਮੌਕੇ ਕਿਸਾਨ ਆਗੂ ਸੂਰਤ ਸਿੰਘ ਅਤੇ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਅਜੇ ਤਾਂ ਸੰਘਰਸ਼ ਦੀ ਸ਼ੁਰੂਆਤ ਹੋਈ ਹੈ ਜਦੋਂ ਤਕ ਮੋਦੀ ਸਰਕਾਰ ਅਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਈ ਕਿਸਾਨ ਬੀਬੀਆਂ ਵੀ ਸ਼ਾਮਲ ਸਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਹਨਾਂ ਬੀਬੀਆਂ ਨੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।