
ਮੀਂਹ ਕਾਰਨ ਝੋਨੇ ਦੀ ਫ਼ਸਲ ਦਾ ਹੋਇਆ ਭਾਰੀ ਨੁਕਸਾਨ
ਬਨੂੜ (ਅਵਤਾਰ ਸਿੰਘ) : ਆਰਥਕ ਤੌਰ ’ਤੇ ਖੇਤੀ ਕਾਨੂੰਨਾਂ ਦੀਆਂ ਲੱਗੀਆਂ ਸੱਟਾਂ ਦੇ ਅਜੇ ਕਿਸਾਨਾਂ ਦੇ ਜ਼ਖ਼ਮ ਅੱਲੇ ਹੀ ਹਨ ਕਿ ਕੁਦਰਤ ਦੇ ਕਹਿਰ ਨੇ ਉਨ੍ਹਾਂ ਨੂੰ ਬਿਲਕੁਲ ਆਰਥਕ ਤੌਰ ’ਤੇ ਤਬਾਹ ਕਰ ਕੇ ਰੱਖ ਦਿਤਾ ਹੈ। ਬੀਤੀ ਰਾਤ ਪੰਜਾਬ ਭਰ ’ਚ ਪਏ ਮੀਂਹ ਨੇ ਜਿਥੇ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਲਈ ਝੋਨੇ ਦੀ ਫ਼ਸਲ ਨੂੰ ਖ਼ਰਾਬ ਕਰ ਦਿਤਾ ਹੈ, ਉਥੇ ਹੀ ਮੀਂਹ ਨਾਲ ਭਾਰੀ ਮਾਤਰਾ ’ਚ ਹੋਈ ਗੜੇਮਾਰੀ ਨੇ ਵੀ ਆਰਥਕ ਤੌਰ ’ਤੇ ਕਿਸਾਨਾਂ ਨੂੰ ਵੱਡੀ ਸੱਟ ਮਾਰੀ ਹੈ। ਸਰਹੱਦੀ ਇਲਾਕਿਆਂ ਦੇ ਸੈਂਕੜੇ ਪਿੰਡਾਂ ’ਚ ਹਜ਼ਾਰਾਂ ਏਕੜ ਜ਼ਮੀਨ ’ਚ ਗੜੇ ਪੈਣ ਨਾਲ ਕਿਸਾਨਾਂ ਦਾ ਆਰਥਕ ਤੌਰ ’ਤੇ ਲੱਕ ਟੁਟ ਗਿਆ ਹੈ। ਰਾਤ ਪਏ ਗੜਿਆਂ ਨਾਲ ਝੋਨੇ ਦੀ ਫ਼ਸਲ ਬਿਲਕੁਲ ਤਬਾਹ ਹੋ ਗਈ ਹੈ ਅਤੇ ਖੜਿਆ ਝੋਨਾ ਝੜ ਕੇ ਜ਼ਮੀਨ ਵਿਚ ਡਿੱਗ ਗਿਆ ਹੈ।
Unseasonal rains and hailstorms wreak havoc in Punjab
ਆਲੂਆਂ ਦੀਆਂ ਵੱਟਾਂ ਪਾਣੀ ਵਿਚ ਡੁੱਬ ਗਈਆਂ ਹਨ ਅਤੇ ਮੌਸਮੀ ਸਬਜ਼ੀਆਂ ਨੁਕਸਾਨੀਆਂ ਗਈਆਂ ਹਨ। ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਦੋ ਦਿਨ ਪਹਿਲਾਂ ਆਲੂ ਲਾਏ ਸਨ, ਜਿਨ੍ਹਾਂ ਵਿਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਆਲੂਆਂ ਦੇ ਬੀਜ ਖ਼ਰਾਬ ਹੋ ਜਾਵੇਗਾ ਤੇ ਲੁਆਈ ਲਈ ਕਟਾਈ ਕੀਤੇ ਹੋਇਆ ਬੀਜ ਵੀ ਨਹੀ ਬਚੇਗਾ। ਉਨ੍ਹਾਂ ਕਿਹਾ ਕਿ ਵੀਹ ਦਿਨ ਬਿਜਾਈ ਪਿਛੜ ਗਈ ਹੈ। ਗੋਭੀ, ਖੀਰਾ, ਘੀਆ, ਬੈਗਣ ਭਾਵ ਸਬਜ਼ੀਆਂ ਉਤਪਾਦਕਾਂ ਨੇ ਵੱਡਾ ਨੁਕਸਾਨ ਹੋਣ ਦੀ ਗੱਲ ਆਖੀ ਹੈ। ਕਈ ਹਲਕਿਆਂ ਵਿਚ ਮੀਂਹ ਤੇ ਗੜੇਮਾਰੀ ਇੰਨੀ ਜ਼ਿਆਦਾ ਹੋਈ ਕਿ ਪਾਣੀ ਤੇ ਗੜੇ ਗਲੀਆਂ ਵਿਚ ਹੜ੍ਹ ਵਾਂਗ ਵਹਿ ਰਹੇ ਸਨ।
ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਵੱਢ ਕੇ ਹੁਣ ਜਦੋਂ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲਣਾ ਸੀ ਤਾਂ ਹੁਣ ਇਸ ਬਾਰਸ਼ ਕਾਰਨ ਕਿਸਾਨਾਂ ਦੀਆਂ ਆਸਾਂ ਉੱਤੇ ਵੀ ਪਾਣੀ ਫਿਰ ਗਿਆ ਹੈ। ਬੀਤੀ ਰਾਤ ਤੇ ਸਵੇਰ ਦੀ ਬਾਰਸ਼ ਕਰ ਕੇ ਅਨਾਜ ਮੰਡੀਆਂ ਅੰਦਰ ਪਿਆ ਖੁਲ੍ਹੇਆਮ ਝੋਨਾ ਅਤੇ ਬੋਰੀਆਂ ’ਚ ਭਰਿਆਂ ਝੋਨਾ ਭਿੱਜ ਗਿਆ ਹੈ ਅਤੇ ਬਦਲਵਾਈ ਕਰ ਕੇ ਇਸ ’ਚ ਨਮੀ ਸਰਕਾਰ ਦੇ ਖ਼੍ਰੀਦ ਮਾਪਦੰਡਾਂ ਤੋਂ ਕਿਤੇ ਵੱਧ ਜਾਣ ਨਾਲ ਕਿਸਾਨਾਂ ਨੂੰ ਮੰਡੀਆਂ ’ਚ ਹੋਰ ਰੁਲਣਾ ਪਵੇਗਾ। ਇਸ ਵਾਰ ਝੋਨੇ ਦਾ ਕੰਮ ਲੇਟ ਹੋਣ ਕਰ ਕੇ ਇਸ ਸਾਲ ਇਹ ਸੀਜ਼ਨ 30 ਨਵੰਬਰ ਤਕ ਚੱਲਣ ਨਾਲ ਕਣਕ ਦੀ ਬੀਜਾਈ ਪ੍ਰਭਾਵਤ ਹੋਵੇਗੀ। ਲਗਾਤਾਰ ਮੀਂਹ ਕਾਰਨ ਖੇਤਾਂ ਵਿਚ ਪਾਣੀ ਖੜ ਗਿਆ, ਜਿਸ ਕਾਰਨ ਕਈ ਦਿਨਾਂ ਤਕ ਖੇਤਾਂ ਵਿਚ ਕੰਬਾਈਨਾਂ ਝੋਨਾ ਨਹੀਂ ਕੱਟ ਸਕਦੀਆਂ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਇਹ ਬਰਸਾਤ ਝੋਨੇ ਫ਼ਸਲ ਦੇ ਨਾਲ-ਨਾਲ ਹੋਰ ਕਈ ਫ਼ਸਲਾਂ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਜਿੱਥੇ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਉਸ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਤਕ ਪਹੁੰਚਾ ਦਿਤੀ ਜਾਵੇਗੀ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰੀ ਬਾਰਸ਼ ਨਾਲ ਹੋਏ ਇਸ ਨੁਕਸਾਨ ਦੀ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਦਿਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗੜੇਮਾਰੀ ਨਾਲ ਤਬਾਹ ਹੋਈ ਝੋਨੇ ਦੀ ਫ਼ਸਲ ਦੀ ਤੁਰਤ ਜਾਂਚ ਕਰ ਕੇ ਪ੍ਰਭਾਵਤ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿਤਾ ਜਾਵੇ ਤਾਕਿ ਕਿਸਾਨ ਅਪਣੇ ਪੈਰਾਂ ਸਿਰ ਖੜਾ ਹੋ ਸਕੇ।