
ਦਿੱਲੀ ਵੱਲ ਜਾਂਦੇ ਹਰਿਆਣਵੀਂ ਕਿਸਾਨਾਂ ਦੀਆਂ ਪੁਲਿਸ ਨਾਲ ਝੜਪਾਂ ਨੇ ਵਧਾਈ ਚਿੰਤਾ
ਚੰਡੀਗੜ੍ਹ : ਕਿਸਾਨੀ ਸੰਘਰਸ਼ ਦੀ ਬੇਮਿਸਾਲ ਲਾਮਬੰਦੀ ਨੇ ਕੇਂਦਰ ਸਮੇਤ ਹਰਿਆਣਾ ਸਰਕਾਰ ਦਾ ਗਣਿਤ ਵਿਗਾੜ ਦੇ ਰੱਖ ਦਿਤਾ ਹੈ। ਕਿਸਾਨਾਂ ਵਲੋਂ ਕੀਤੇ ਐਲਾਨ ਤੋਂ ਦੋ ਦਿਨ ਪਹਿਲਾਂ ਦਿੱਲੀ ਵੱਲ ਕੀਤੀ ਰਵਾਨਗੀ ਨੇ ਕੇਂਦਰ ਸਰਕਾਰ ਦੇ ਕਿਸਾਨੀ ਸੰਘਰਸ਼ ਨੂੰ ਘਟਾ ਕੇ ਵੇਖਣ ਦੇ ਭਰਮ-ਭੁਲੇਖੇ ਦੂਰ ਕਰ ਦਿਤੇ ਹਨ। ਕਿਸਾਨਾਂ ਨੂੰ ਭਾਵੇਂ ਹਰਿਆਣਾ ਦੇ ਬਾਰਡਰ ਰੋਕ ਦਿਤਾ ਗਿਆ ਹੈ ਪਰ ਇਸ ਦੀ ਧਮਕ ਦਿੱਲੀ ਤਕ ਸਪੱਸ਼ਟ ਪਹੁੰਚੀ ਵਿਖਾਈ ਦੇ ਰਹੀ ਹੈ।
Farmers Protest
ਸੂਤਰਾਂ ਮੁਤਾਬਕ ਹਰਿਆਣਵੀਂ ਕਿਸਾਨਾਂ ਵਲੋਂ ਪੁਲਿਸ ਬੇਰੀਕੇਡ ਤੋੜ ਦਿੱਲੀ ਵੱਲ ਵਧਣ ਦੀ ਘਟਨਾ ਤੋਂ ਜਿੱਥੇ ਦਿੱਲੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਉਥੇ ਹੀ ਹਰਿਆਣਾ ਸਰਕਾਰ ਨੂੰ ਵੀ ਦਿੱਲੀ ਦੀ ਢਾਲ ਬਣਨ ਵਾਲਾ ਕਦਮ ਭਾਰੀ ਪੈਣ ਲੱਗਾ ਹੈ। ਹਰਿਆਣਾ ਪੁਲਿਸ ਨੂੰ ਹੁਣ ਚਾਰੇ ਪਾਸਿਉਂ ਚੁਨੌਤੀ ਮਿਲਣ ਲੱਗੀ ਹੈ। ਇਕ ਪਾਸੇ ਪੰਜਾਬ ਵਾਲੇ ਪਾਸਿਉਂ ਕਿਸਾਨਾਂ ਦੇ ਹਰਿਆਣਾ ਅੰਦਰ ਦਾਖ਼ਲ ਹੋਣ ਦਾ ਤੌਖਲਾ ਹੈ, ਦੂਜੇ ਪਾਸੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੇ ਦਿੱਲੀ ਅੰਦਰ ਦਾਖ਼ਲੇ ਨੂੰ ਰੋਕਣ ਦਾ ਦਬਾਅ ਹੈ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਕਿਸਾਨਾਂ ਦੀ ਮਦਦ ’ਚ ਨਿਤਰਣ ਦੇ ਸ਼ੰਕਿਆਂ ਤੋਂ ਵੀ ਸਰਕਾਰ ਚਿੰਤਤ ਹੈ।
Farmers Protest
ਕੇਂਦਰ ਵਲੋਂ ਪੰਜਾਬ ਵਿਚੋਂ ਮੁਸਾਫ਼ਿਰ ਗੱਡੀਆਂ ਨੂੰ ਰੋਕਣ ਅਤੇ ਹਰਿਆਣਾ ਸਰਕਾਰ ਵਲੋਂ ਬੱਸ ਸੇਵਾ ਬੰਦ ਕਰਨ ਨੂੰ ਸਰਕਾਰਾਂ ਦੀ ਘਬਰਾਹਟ ਵਜੋਂ ਵੇਖਿਆ ਜਾ ਰਿਹਾ ਹੈ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਕਿਸਾਨੀ ਸੰਘਰਸ਼ ਦੇ ਹਰਿਆਣਾ ਬਾਰਡਰ ਤਕ ਸੀਮਤ ਰਹਿ ਜਾਣ ਦੀ ਸੂਰਤ ਵਿਚ ਵੀ ਕਿਸਾਨੀ ਸੰਘਰਸ਼ ਦਿੱਲੀ ਤਕ ਸਪੱਸ਼ਟ ਸੁਨੇਹਾ ਪਹੁੰਚਾਉਣ ’ਚ ਕਾਮਯਾਬ ਹੋ ਰਿਹਾ ਹੈ।
Farmers Protest
ਸੂਤਰਾਂ ਮੁਤਾਬਕ ਹਰਿਆਣਾ ਦੀਆਂ ਸਾਰੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਜਮਾਵੜਾ ਵਧਦਾ ਜਾ ਰਿਹਾ ਹੈ। ਭਾਵੇਂ ਪੁਲਿਸ ਵੀ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਕਿਸਾਨਾਂ ਦੀ ਵਧਦੀ ਜਾ ਰਹੀ ਗਿਣਤੀ ਅਤੇ ਬੁਲੰਦ ਹੌਂਸਲੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਬਣ ਰਹੇ ਹਨ। ਠੰਢ ਅਤੇ ਮੀਂਹ ਦੇ ਬਾਵਜੂਦ ਕਿਸਾਨਾਂ ਦੇ ਤੇਵਰ ਮੱਠੇ ਪੈਣ ਦੀ ਥਾਂ ਹੋਰ ਪ੍ਰਬਲ ਹੁੰਦੇ ਵਿਖਾਈ ਦੇ ਰਹੇ ਹਨ।
Farmers Protest
ਕਿਸਾਨਾਂ ਦੇ ਦਿੱਲੀ ਵੱਲ ਕੂਚ ਦੀ ਯੋਜਨਾ ਦੇ ਮੱਦੇਨਜ਼ਰ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ ਵੀ ਹਰਿਆਣਾ ’ਚ ਦਾਖ਼ਲ ਹੋਣ ਵਾਲੀਆਂ ਸਾਰੀਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ ਨੂੰ ਰੋਕਣ ਦਾ ਫ਼ੈਸਲਾ ਲਿਆ ਹੈ। ਪ੍ਰਸ਼ਾਸਨ ਦੇ ਬੁਲਾਰੇ ਮੁਤਾਬਕ ਪੰਜਾਬ ਅਤੇ ਹਿਮਾਚਲ ਵਿਚ ਵੀ ਸੀਟੀਯੂ ਦੀ ਬੱਸ ਸੇਵਾ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਦਾ ਜਿਹੜਾ ਸੁਨੇਹਾ ਦਿੱਲੀ ਵਿਖੇ ਜਾ ਕੇ ਦੇਣਾ ਸੀ, ਉਹ ਹਰਿਆਣਾ ਵਲੋਂ ਰਸਤਾ ਰੋਕੇ ਜਾਣ ਬਾਅਦ ਹੋਰ ਵੀ ਪ੍ਰਬਲ ਰੂਪ ’ਚ ਪਹੁੰਚਣ ਦੇ ਅਸਾਰ ਹਨ।
Farmers Protest
ਦਿੱਲੀ ਦੇ ਨਾਲ-ਨਾਲ ਹਰਿਆਣਾ ਵੀ ਕਿਸਾਨੀ ਸੰਘਰਸ਼ ਦਾ ਅੱਡਾ ਬਣਨ ਲੱਗਾ ਹੈ। ਹਰਿਆਣਾ ਦੀ ਭਾਜਪਾ ਸਰਕਾਰ ਦੀ ਮਨਸ਼ਾ ਨੂੰ ਭਾਂਪਦਿਆਂ ਕਿਸਾਨ ਜਥੇਬੰਦੀਆਂ ਇਸ ਲਈ ਪਹਿਲਾਂ ਹੀ ਤਿਆਰ ਸਨ। ‘ਜਿੱਥੇ ਰੋਕਿਆ, ਉਥੇ ਹੀ ਧਰਨੇ ’ਤੇ ਬੈਠਿਆਂ ਜਾਵੇਗਾ’ ਵਰਗੇ ਐਲਾਨ ਕਿਸਾਨ ਜਥੇਬੰਦੀਆਂ ਦੀ ਅਗਲੇਰੀ ਲਾਮਬੰਦੀ ਵੱਲ ਇਸ਼ਾਰਾ ਕਰਦੇ ਹਨ। ਸੂਤਰਾਂ ਮੁਤਾਬਕ ਹਰਿਆਣਾ ਦੇ ਬਾਰਡਰਾਂ ’ਤੇ ਕਿਸਾਨੀ ਸੰਘਰਸ਼ ਲੰਮੇਰਾ ਖਿੱਚਣ ਦੀ ਸੂਰਤ ’ਚ ਹਰਿਆਣਾ ਸਰਕਾਰ ਨੂੰ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਦਕਿ ਕਿਸਾਨ ਜਥੇਬੰਦੀਆਂ ਤਾਂ ਪਹਿਲਾਂ ਹੀ ਲੰਮੇਰੇ ਸੰਘਰਸ਼ ਲਈ ਮਾਨਸਿਕ ਅਤੇ ਮਾਇਕੀ ਤੌਰ ’ਤੇ ਤਿਆਰੀ ਕਰ ਚੁੱਕੀਆਂ ਹਨ। ਹਰਿਆਣਾ ਦੀ ਅੜੀ ਬਰਕਰਾਰ ਰਹਿਣ ਦੀ ਸੂਰਤ ’ਚ ਹਰਿਆਣਾ ਦੀਆਂ ਹੱਦਾਂ ਦੇ ਦਿੱਲੀ ਦੇ ਰਾਮਲੀਲਾ ਗਰਾਊਡ ’ਚ ਤਬਦੀਲ ਹੋਣ ਦੇ ਅਸਾਰ ਹਨ।