
ਕੈਪਟਨ ਨੇ ਸਿੱਧੂ ਨੂੰ ਸੱਦਿਆ ਦੁਪਹਿਰ ਦੇ ਖਾਣੇ 'ਤੇ
ਰਾਵਤ ਇਸ ਵਾਰ ਕੈਪਟਨ ਅਤੇ ਸਿੱਧੂ ਵਿਚਕਾਰ ਦੂਰੀ ਮੁਕਾ ਕੇ ਹੀ ਮੁੜਨ ਦੇ ਰੋਂਅ ਵਿਚ
ਚੰਡੀਗੜ੍ਹ, 24 ਨਵੰਬਰ (ਨੀਲ ਭਲਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੁਧਵਾਰ ਦੁਪਹਿਰ ਦੇ ਖਾਣੇ ਉਤੇ ਸੱਦਾ ਦਿਤਾ ਹੈ। ਇਸ ਮੁਲਾਕਾਤ ਵਿਚ ਸੂਬਾ ਪਧਰੀ ਅਤੇ ਨੈਸ਼ਨਲ ਪੱਧਰ ਦੀ ਰਾਜਨੀਤੀ ਉਤੇ ਚਰਚਾ ਕੀਤੀ ਜਾ ਸਕਦੀ ਹੈ। ਦਸਣਯੋਗ ਹੈ ਕਿ ਲੰਮੇ ਸਮੇਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਸਬੰਧ ਠੀਕ ਨਹੀਂ ਚੱਲ ਰਹੇ।
ਅਜਿਹੇ ਵਿਚ ਕੈਪਟਨ ਦਾ ਸਿੱਧੂ ਨੂੰ ਸੱਦਾ, ਦੋਵਾਂ ਵਿਚਾਲੇ ਪੈਦਾ ਦੂਰੀਆਂ ਨੂੰ ਘੱਟ ਕਰਨ ਵਾਲਾ ਹੋ ਸਕਦਾ ਹੈ। ਦਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਸਿਆਸਤਦਾਨ ਹਰੀਸ਼ ਰਾਵਤ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਸਿੱਧੂ ਦੀ ਪਾਰਟੀ ਅੰਦਰ ਸਥਿਤੀ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਵਤ ਅਪਣੀ ਪੰਜਾਬ ਫੇਰੀ ਦੌਰਾਨ ਸਿੱਧੂ ਸਣੇ ਪੰਜਾਬ ਕਾਂਗਰਸ ਦੇ ਲਗਭਗ ਹਰ ਖ਼ੇਮੇ ਦੇ ਪ੍ਰਮੁੱਖ ਲੀਡਰ ਨਾਲ ਉਚੇਚੀਆਂ ਬੈਠਕਾਂ ਕਰ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਰਾਵਤ ਨੇ ਪਿਛਲੀ ਪੰਜਾਬ ਫੇਰੀ ਮਗਰੋਂ ਹਾਈਕਮਾਨ ਨੂੰ ਜੋ ਰੀਪੋਰਟ ਕੀਤੀ ਹੈ ਉਸ ਵਿਚ
ਪਾਰਟੀ ਦੀ ਪੰਜਾਬ ਵਿਚ ਸਥਿਤੀ ਦਾ ਬਿਹਤਰ ਹੋਣ ਦੀ ਗੱਲ ਕਹੀ ਗਈ ਹੈ। ਪਰ ਪਾਰਟੀ ਅੰਦਰਲੀ ਧੜੇਬੰਦੀ ਨੂੰ ਲੈ ਕੇ ਵੀ ਉਚੇਚਾ ਫ਼ਿਕਰ ਜ਼ਾਹਰ ਕੀਤਾ ਗਿਆ। ਮੰਨਿਆ ਇਹ ਜਾ ਰਿਹਾ ਹੈ ਕਿ ਪੂਰੇ ਦੇਸ਼ ਵਿਚ ਸਿਆਸੀ ਹਾਸ਼ੀਏ 'ਤੇ ਜਾ ਰਹੀ ਕਾਂਗਰਸ ਪਾਰਟੀ ਅਪਣੀਆਂ ਸਰਕਾਰਾਂ ਵਾਲੇ ਸੂਬਿਆਂ ਤੇ ਪਕੜ ਬਹਾਲ ਰੱਖਣ ਨੂੰ ਤਰਜੀਹ ਦੇ ਰਹੀ ਹੈ। ਜਿਨ੍ਹਾਂ ਤਹਿਤ ਪਾਰਟੀ ਦੀ ਲਗਭਗ ਸੱਭ ਤੋਂ ਮਜ਼ਬੂਤ ਸਰਕਾਰ ਪੰਜਾਬ ਵਿਚ ਹੈ। ਰਾਵਤ ਨੂੰ ਵੀ ਪੰਜਾਬ ਵਿਚ ਮਿਸ਼ਨ 2022 ਦੇ ਕੇ ਭੇਜਿਆ ਗਿਆ ਦਸਿਆ ਜਾ ਰਿਹਾ ਹੈ। ਜਿਸ ਤਹਿਤ ਰਾਵਤ ਹੁਣ ਅਪਣੀ ਤਾਜ਼ਾ ਫੇਰੀ ਦੌਰਾਨ ਘੱਟੋ ਘੱਟ ਕੈਪਟਨ ਅਤੇ ਸਿੱਧੂ ਵਿਚਕਾਰ ਦੂਰੀ ਮੁਕਾ ਕੇ ਹੀ ਮੁੜਨਾ ਚਾਹੁੰਦੇ ਹਨ। ਇਸੇ ਤਹਿਤ ਮੁੱਖ ਮੰਤਰੀ ਨਾਲ ਸਿੱਧੂ ਦੇ ਲੰਚ ਦਾ ਐਲਾਨ ਵੀ ਖੁਲਮ ਖੁਲ੍ਹਾ ਕੀਤਾ ਗਿਆ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨਾਲ ਸਾਰਾ ਮਸਲਾ ਨਿਬੇੜ ਕੇ ਹੀ ਇਹ ਖਾਣੇ ਦਾ ਸੱਦਾimage ਵੀ ਜਨਤਕ ਕਰ ਦਿਤਾ ਗਿਆ ਹੈ। ਦਸਣਯੋਗ ਹੈ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਸਿੱਧੂ ਨੂੰ ਖਾਣੇ ਦਾ ਸੱਦਾ ਉਚੇਚੇ ਤੌਰ 'ਤੇ ਟਵਿਟ ਕਰ ਕੇ ਜਨਤਕ ਕੀਤਾ ਗਿਆ ਹੈ।