
ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਉਹਨਾਂ ਨੂੰ ਟਕਰਾਅ ਅਤੇ ਹਿੰਸਾ ਵੱਲ ਧੱਕ ਰਹੀ ਹੈ ਹਰਿਆਣਾ ਪੁਲਿਸ- ਕੇਂਦਰੀ ਸਿੰਘ ਸਭਾ
ਚੰਡੀਗੜ੍ਹ: ਦਿੱਲੀ ਨੂੰ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਬਾਰਡਰ ਨੂੰ ਸੀਲ ਕਰਨਾ ਇਕ ਗੈਰ ਜਮਹੂਰੀ ਅਤੇ ਤਾਨਾਸ਼ਾਹੀ ਕਦਮ ਹੈ, ਜਿਸ ਨਾਲ ਦੇਸ਼ ਲਈ ਅਣਸੁਖਾਵੇਂ ਦੁਰਗਾਮੀ ਸਿੱਟੇ ਨਿਕਲ ਸਕਦੇ ਹਨ। ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਚਿੰਤਕਾਂ ਨੇ ਕਿਹਾ ਕਿ ਦਿੱਲੀ ਹਾਕਮਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਹਰਿਆਣਾ ਪੁਲਿਸ ਦਿੱਲੀ ਨੂੰ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਉਹਨਾਂ ਨੂੰ ਟਕਰਾਅ ਅਤੇ ਹਿੰਸਾ ਵੱਲ ਧੱਕ ਰਹੀ ਹੈ ਤਾਂ ਕਿ ਸਟੇਟ ਮਸ਼ੀਨਰੀ ਨੂੰ ਮੁਜ਼ਾਹਰਾਕਾਰੀ ਉੱਤੇ ਤਸੱਦਦ ਕਰਨ ਦਾ ਮੌਕਾ ਮਿਲ ਸਕੇ।
Kendri Singh Sabha
ਉਹਨਾਂ ਕਿਹਾ ਕਿ ਸਿਆਸਤ ਪ੍ਰੇਰਿਤ ਅਜਿਹੇ ਦਾਅ-ਪੇਚ ਮੁੱਖ ਮੰਤਰੀ ਭਜਨ ਲਾਲ ਨੇ 1980 ਦੇ ਵਿਚ ਮੋਰਚੇ ਦੌਰਾਨ ਅਕਾਲੀਆਂ ਵਿਰੁੱਧ ਵਰਤੇ ਸਨ ਜਦੋਂ ਉਹਨਾਂ ਨੂੰ ਦਿੱਲੀ ਜਾਂਦਿਆਂ ਨੂੰ ਬੇਇੱਜ਼ਤ ਕੀਤਾ ਅਤੇ ਸਿੱਖਾਂ ਦੀਆਂ ਪੱਗਾਂ ਉਛਾਲੀਆਂ, ਜਿਸ ਨੇ ਸਿੱਖਾਂ ਨੂੰ ਦੇਸ਼ ਅੰਦਰ ਬੇਗਾਨਗੀ ਦਾ ਅਹਿਸਾਸ ਕਰਵਾਇਆ ਸੀ।
ਉਹਨਾਂ ਗੈਰ-ਜਮਹੂਰੀ ਕਦਮਾਂ ਕਰਕੇ, ਉੱਤਰੀ ਭਾਰਤ ਵਿਚ ਹਾਲਾਤ ਵਿਗੜੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ, ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖਾਂ ਦਾ ਕਤਲੇਆਮ ਹੋਇਆ। ਉਹਨਾਂ ਵਰਤਾਰਿਆਂ ਨੇ ਦੇਸ਼ ਦੀ ਜਮਹੂਰੀਅਤ ਨੂੰ ਵੱਡੀ ਸੱਟ ਮਾਰਕੇ, ਹਿੰਦੂਤਵ ਅਤੇ ਹਿੰਦੂ ਰਾਸ਼ਟਰਵਾਦੀ ਸਿਆਸਤ ਦਾ ਮੁੱਢ ਬੰਨਿਆ ।
Haryana Border
ਹਰਿਆਣਾ ਬਣਨ ਤੋਂ ਲੈ ਕੇ ਉਸ ਦੇ ਪਿਛਲੇ ਪੰਜਾਹ ਸਾਲਾਂ ਦਾ ਸਿਆਸੀ ਅਮਲ ਇਹੋ ਹੀ ਸਬੂਤ ਪੇਸ਼ ਕਰਦਾ ਕਿ ਹਰਿਆਣੇ ਦੀ ਸਿਆਸੀ ਜਮਾਤ ਹਮੇਸ਼ਾਂ ਦਿੱਲੀ ਦੇ ਹਾਕਮਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਭਾਵੇਂ ਸੂਬੇ ਦੇ ਲੋਕਾਂ ਨੂੰ ਨੁਕਸਾਨ ਹੀ ਹੁੰਦਾ ਹੋਵੇ। ਹਰਿਆਣਾ ਦੇ ਲੀਡਰ ਕਦੇ ਵੀ ਖੁਦ-ਮੁਖਤਿਆਰੀ ਦਾ ਮੁਜ਼ਹਾਰਾ ਨਹੀਂ ਕਰਦੇ ਅਤੇ ਇਉਂ ਲਗਦਾ ਹੈ ਕਿ ਹਰਿਆਣਾ ਦਿੱਲੀ ਦੀ ਹਾਕਮ ਜਮਾਤ ਦਾ ਹੀ ਪੁਰਾਣੇ ਅਣਵੰਡੇ ਪੰਜਾਬ ਵਿਚ ਜ਼ਮੀਨੀ ਵਿਸਥਾਰ ਅਤੇ ਪ੍ਰਸਾਰ ਹੈ।
Manohar Lal Khattar
ਹਰਿਆਣੇ ਦੀ ਸਿਆਸੀ ਜਮਾਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਾਜਨੀਤਿਕ ਸੂਝ-ਬੂਝ ਉੱਤੇ ਅਮਲ ਕਰਦਿਆਂ ਅਤੇ ਇਤਿਹਾਸ ਤੋਂ ਸਬਕ ਲੈਦਿਆਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਦਾ ਰਸਤਾ ਦੇ ਦੇਵੇ। ਕਿਉਂਕਿ ਹਰਿਆਣੇ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਹਿੱਤ ਅਤੇ ਮੰਗਾਂ ਸਾਂਝੀਆਂ ਹਨ। ਹਰਿਆਣਾ ਦੇ ਕਿਸਾਨ ਵੀ ਫਸਲਾਂ ਦੇ ਘੱਟੋਂ-ਘੱਟ ਸਮਰਥਨ ਮੁੱਲ ਨੂੰ ਲਾਗੂ ਕਰਨ ਦੀ ਮੰਗ ਕਰਦੇ ਹਨ।
Kendri Sri Guru Singh Sabha
ਕੇਂਦਰੀ ਸਿੰਘ ਸਭਾ ਵੱਲੋਂ ਜਾਰੀ ਬਿਆਨ ਵਿਚ ਖੇਤਰੀ ਪਾਰਟੀਆਂ ਅਤੇ ਵਿਰੋਧੀ ਦਲਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਨਿੱਤਰਨ, ਜਿਸ ਨਾਲ ਮੋਦੀ ਸਰਕਾਰ ਦੀਆਂ ਆਪਹੁਦਰੀਆਂ ਅਤੇ ਤਾਨਾਸ਼ਾਹੀ ਕਾਰਵਾਈਆਂ ਨੂੰ ਠੱਲ ਪੈ ਸਕਦੀ ਹੈ।