
ਫਿਲਹਾਲ ਡੀਆਰਆਈ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
Punjab News: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ 'ਤੇ ਇਕੋ ਸਮੇਂ ਛਾਪੇਮਾਰੀ ਕਰਕੇ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਨ ਵਾਲੇ ਇਕ ਗਿਰੋਹ ਨੂੰ ਫੜਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕੋਲੋਂ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਮਾਮਲੇ 'ਚ ਮਾਸਟਰ ਮਾਈਂਡ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਡੀਆਰਆਈ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਡੀਆਰਆਈ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵਿਦੇਸ਼ੀ ਕਰੰਸੀ ਦੁਬਈ ਭੇਜੇ ਜਾਣ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮਿਲੀ ਸੀ ਕਿ ਇਹ ਪੈਸਾ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ਰਾਹੀਂ ਬਾਹਰ ਭੇਜਿਆ ਜਾ ਰਿਹਾ ਸੀ। ਇਸ 'ਤੇ ਡੀਆਰਆਈ ਨੇ ਤੁਰੰਤ ਹਰਕਤ 'ਚ ਆ ਕੇ ਜੈਪੁਰ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਤਿੰਨ ਬਰੀਫਕੇਸਾਂ ਸਮੇਤ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਜਦੋਂ ਮੁਲਜ਼ਮਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਵਿਦੇਸ਼ੀ ਕਰੰਸੀ ਨੂੰ ਬ੍ਰੀਫਕੇਸ ਵਿਚ ਇਕ ਵੱਖਰੀ ਪਰਤ ਵਿਚ ਛੁਪਾ ਕੇ ਦੁਬਈ ਲੈ ਜਾ ਰਹੇ ਸਨ। ਜਦੋਂ ਬ੍ਰੀਫਕੇਸ ਖੋਲ੍ਹਿਆ ਗਿਆ ਤਾਂ ਉਸ ਵਿਚ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਮਿਲੀ। ਇਸ ਵਿਚ ਅਮਰੀਕੀ ਡਾਲਰ ਅਤੇ ਯੂਰੋ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗਰੋਹ ਦੇ ਮਾਸਟਰ ਮਾਈਂਡ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ।
(For more news apart from Foreign currency recovered at Amritsar-Jaipur airport, stay tuned to Rozana Spokesman)