
ਸ਼ਰਾਬੀ ਪੁੱਤ ਵਲੋਂ ਅਪਣੇ ਹੀ ਪਿਉ ’ਤੇ ਇੱਟਾ ਨਾਲ ਹਮਲਾ
Punjab Murder News: ਬਲਾਕ ਦੇ ਪਿੰਡ ਬਾਹੜੋਵਾਲ ਵਿਚ ਇਕ ਸ਼ਰਾਬੀ ਪੁੱਤ ਵਲੋਂ ਅਪਣੇ ਹੀ ਪਿਉ ’ਤੇ ਇੱਟਾ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਉਪੰਰਤ ਘਰੋਂ ਬਾਹਰ ਕੱਢ ਦਿਤਾ। ਇਸ ਦੌਰਾਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਲਖਵੀਰ ਰਾਮ ਪੁੱਤਰ ਦਿਲਬਾਰਾ ਉਰਫ਼ ਦਿਲਬਾਗ਼ ਨੇ ਦਸਿਆ ਕਿ ਉਹ ਮਿਤੀ 22 ਨਵੰਬਰ ਦੀ ਦੇਰ ਰਾਤ ਕਰੀਬ 10:30 ਵਜੇ ਕੰਮ ਤੋਂ ਅਪਣੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੇ ਪਿਤਾ ਦਿਲਬਾਰਾ ਉਰਫ਼ ਦਿਲਬਾਗ਼ ਘਰ ਦੇ ਗੇਟ ਦੇ ਬਾਹਰ ਗਲੀ ਵਿਚ ਕੰਬਲ ਲਪੇਟ ਕੇ ਬੈਠੇ ਹੋਏ ਸਨ।
ਜਿਨ੍ਹਾਂ ਦੇ ਸਿਰ ਵਿਚੋਂ ਕਾਫੀ ਖ਼ੂਨ ਵਹਿ ਰਿਹਾ ਸੀ। ਇਸ ਬਾਰੇ ਜਦੋਂ ਉਸ ਨੇ ਅਪਣੇ ਵੱਡੇ ਭਰਾ ਮਦਨ ਲਾਲ ਉਰਫ਼ ਬੁੱਧੂ ਨੂੰ ਪੁਛਿਆ ਤਾਂ ਉਸ ਨੇ ਕਿਹਾ ਕਿ ਉਹ ਛੱਤ ਤੋਂ ਹੇਠਾਂ ਡਿੱਗ ਪਏ ਹਨ। ਜਿਸ ਕਾਰਨ ਇਹ ਸੱਟਾਂ ਲੱਗੀਆਂ ਹਨ। ਉਸ ਨੇ ਦਸਿਆ ਕਿ ਉਨ੍ਹਾਂ ਇਸ ਸਬੰਧੀ ਪਿੰਡ ਦੇ ਪੰਚ ਗੁਰਜੀਤ ਸਿੰਘ ਨੂੰ ਫ਼ੋਨ ਕਰ ਕੇ ਬੁਲਾ ਲਿਆ ਅਤੇ ਇਸ ਦੀ ਜਾਣਕਾਰੀ ਦਿਤੀ ਅਤੇ 108 ਐਬੂਲੈਂਸ ਰਾਹੀ ਸਿਵਲ ਹਸਪਤਾਲ ਬੰਗਾ ਲਿਆਂਦਾ ਗਿਆ।
ਜਿਥੇ ਡਾਕਟਰ ਵਲੋਂ ਉਨ੍ਹਾਂ ਦਾ ਇਲਾਜ਼ ਕੀਤਾ ਗਿਆ। ਉਸ ਨੇ ਦਸਿਆ ਜਦੋਂ ਉਸ ਨੇ ਅਪਣੇ ਪਿਤਾ ਦੇ ਸਿਰ ’ਤੇ ਲੱਗੀਆਂ ਹੋਰ ਸੱਟਾਂ ਨੂੰ ਵੇਖਿਆ ਤਾਂ ਉਸ ਨੇ ਪਿਤਾ ਨੂੰ ਮੁੜ ਪੁਛਿਆ ਤਾਂ ਉਨ੍ਹਾਂ ਦਸਿਆ ਕਿ ਮਦਨ ਲਾਲ ਉਰਫ਼ ਬੁੱਧੂ ਨੇ ਲੜਾਈ ਝਗੜਾ ਕਰ ਕੇ ਉਨ੍ਹਾਂ ਦੇ ਇਹ ਸੱਟਾਂ ਮਾਰੀਆਂ ਹਨ। ਇਸ ਉਪੰਰਤ ਉਹ ਬੇਹੋਸ਼ ਹੋ ਗਏ ਅਤੇ ਕੱੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਉਧਰ ਥਾਣਾ ਸਦਰ ਦੇ ਐਸ. ਐਚ. ਓ. ਇੰਸਪੈਕਟਰ ਰਾਜੀਵ ਕੁਮਾਰ ਹਸਪਤਾਲ ਪੁੱਜ ਗਏ ਅਤੇ ਮ੍ਰਿਤਕ ਦਿਲਬਾਰਾ ਉਰਫ ਦਿਲਬਾਗ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ। ਬੰਗਾ ਪੁਲਿਸ ਨੇ ਜਾਣਕਾਰੀ ਦਿੰਦੇ ਦਸਿਆ ਕਿ ਦਿਲਾਬਾਰਾ ਉਰਫ਼ ਦਿਲਬਾਗ਼ ਦੇ ਪੁੱਤਰ ਲਖਵੀਰ ਰਾਮ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਵੱਡੇ ਭਰਾ ਮਦਨ ਲਾਲ ਉਰਫ ਬੁੱਧੂ ਵਿਰੁਧ 302 ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ।
(For more news apart from son killed his father , stay tuned to Rozana Spokesman)