
Punjab Weather Update: ਅਗਲੇ ਦੋ ਦਿਨਾਂ ਤੱਕ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ
Punjab Weather Update News: ਨਵੰਬਰ ਦਾ ਮਹੀਨਾ ਆਪਣੇ ਆਖ਼ਰੀ ਹਫ਼ਤੇ ਵਿੱਚ ਪਹੁੰਚ ਗਿਆ ਹੈ। ਪਰ ਇਸ ਦੇ ਬਾਵਜੂਦ ਨਾ ਤਾਂ ਠੰਢ ਆਪਣਾ ਪੂਰਾ ਅਸਰ ਦਿਖਾ ਰਹੀ ਹੈ ਅਤੇ ਨਾ ਹੀ ਮੀਂਹ ਪੈ ਰਿਹਾ ਹੈ। ਪੰਜਾਬ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.9 ਡਿਗਰੀ ਅਤੇ ਚੰਡੀਗੜ੍ਹ ਦਾ ਤਾਪਮਾਨ 1 ਡਿਗਰੀ ਵੱਧ ਪਾਇਆ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਵਿੱਚ ਨਵੰਬਰ ਦੇ ਅੰਤ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਭਾਵ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ ਦੋ ਦਿਨਾਂ ਤੱਕ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ 27 ਨਵੰਬਰ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿਚ ਇਕ ਵਾਰ ਫਿਰ ਧੁੰਦ ਪੈਣ ਦੀ ਸੰਭਾਵਨਾ ਹੈ। ਜਿਸ ਦਾ ਅਸਰ ਕੁਝ ਦਿਨਾਂ ਤੱਕ ਰਹੇਗਾ।
ਪੰਜਾਬ 'ਚ ਦਿਨ ਦਾ ਤਾਪਮਾਨ ਆਮ ਵਾਂਗ ਹੈ ਪਰ ਰਾਤ ਦਾ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਹੈ। ਪੰਜਾਬ 'ਚ ਰਾਤ ਦਾ ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ ਹੈ ਅਤੇ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ 10 ਤੋਂ 15 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਜਦੋਂ ਕਿ ਚੰਡੀਗੜ੍ਹ ਵਿੱਚ ਤਾਪਮਾਨ 0.7 ਡਿਗਰੀ ਵੱਧ ਹੈ।
ਮੌਸਮ ਵਿਗਿਆਨ ਕੇਂਦਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਨਵੰਬਰ ਮਹੀਨੇ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ।
ਪੰਜਾਬ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਅੰਮ੍ਰਿਤਸਰ ਵਿੱਚ ਔਸਤ AQI 167, ਜਦੋਂ ਕਿ ਬਠਿੰਡਾ ਦਾ AQI 87 ਡਿਗਰੀ ਦਰਜ ਕੀਤਾ ਗਿਆI ਜਲੰਧਰ ਵਿੱਚ AQI 206, ਮੰਡੀ ਗੋਬਿੰਦਗੜ੍ਹ ਵਿੱਚ 270, ਖੰਨਾ ਵਿੱਚ 156 ਅਤੇ ਰੂਪਨਗਰ ਵਿੱਚ 171 ਦਰਜ ਕੀਤਾ ਗਿਆ।
ਇਸ ਦੇ ਨਾਲ ਹੀ ਚੰਡੀਗੜ੍ਹ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇੱਥੇ ਪ੍ਰਦੂਸ਼ਣ ਦਾ ਪੱਧਰ 200 AQI ਤੋਂ ਵੱਧ ਪਾਇਆ ਗਿਆ ਹੈ। ਸੈਕਟਰ 22 ਵਿੱਚ ਔਸਤ ਤਾਪਮਾਨ 232 ਡਿਗਰੀ, ਸੈਕਟਰ 25 ਵਿੱਚ 210 ਡਿਗਰੀ ਅਤੇ ਸੈਕਟਰ 53 ਵਿੱਚ 232 ਡਿਗਰੀ ਦਰਜ ਕੀਤਾ ਗਿਆ।