
ਕਿਹਾ, ਮੋਦੀ ਤਾਂ ਚਾਹੁੰਦੇ ਹਨ ਕਿ ਡੱਲੇਵਾਲ ਨੂੰ ਕੁੱਝ ਹੋਵੇ ਤੇ ਪੰਜਾਬ ’ਚ ਹਿੰਸਾ ਫੈਲੇ
ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਬਾਰਡਰ ’ਤੇ ਧਰਨਾ ਲਗਾ ਕੇ ਬੈਠਿਆਂ ਨੂੰ ਇਕ ਸਾਲ ਹੋਣ ਵਾਲਾ ਹੈ। ਜਿੱਥੇ ਕਿਸਨ ਕੇਂਦਰ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਧਰਨੇ ’ਤੇ ਬੈਠੇ ਹਨ। ਉਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 29 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਡੱਲੇਵਾਲ ਦੀ ਸਿਹਤ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਣਨ ਲਈ ਸਿਆਸੀ ਤੇ ਹੋਰ ਆਗੂ ਉਨ੍ਹਾਂ ਨੂੰ ਧਰਨੇ ’ਚ ਮਿਲਣ ਪਹੁੰਚ ਰਹੇ ਹਨ। ਧਰਨੇ ’ਚ ਕਿਸਾਨਾਂ ਵਲੋਂ ਲਗਾਤਾਰ ਮੀਟਿੰਗਾਂ ਵੀ ਜਾਰੀ ਹਨ ਤੇ ਕੁੱਝ ਐਲਾਨ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਸੱਦਾ ਪੱਤਰ ਨਹੀਂ ਆਇਆ। ਡਾਕਟਰਾਂ ਦੀ ਟੀਮ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਹੈ। ਉਥੇ ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।
ਇਸੇ ਤਰ੍ਹਾਂ ਅੱਜ SKM (ਸੰਯੁਕਤ ਕਿਸਾਨ ਮੋਰਚਾ) ਵਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਆਪਣੇ ਵਿਚਾਰ ਸਾਂਝੇ ਕੀਤੇ। ਪਰ ਜੋ ਖਨੌਰੀ ਬਾਰਡਰ ’ਤੇ ਧਰਨੇ ’ਚ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸਿਹਤ ਪ੍ਰਤੀ ਕਿਸਾਨ ਚਿੰਤਾ ਪ੍ਰਗਟਾ ਰਹੇ ਹਨ, ਉਨ੍ਹਾਂ ਦੀ ਜਥੇਬੰਦੀ ਦੇ ਕਿਸੇ ਵੀ ਆਗੂ ਨੇ ਇਸ ਮੀਟਿੰਗ ਵਿਚ ਹਿੱਸਾ ਨਹੀਂ ਲਿਆ।
ਇਸੇ ਮੀਟਿੰਗ ਤੋਂ ਬਾਅਦ ਸਪੋਕਸਮੈਨ ਦੀ ਟੀਮ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨਾਲ ਗੱਲ ਕਰਨ ਪਹੁੰਚੀ ਜਿੱਥੇ ਉਗਰਾਹਾਂ ਨੇ ਕਿਹਾ ਕਿ ਜਦੋਂ 22 ਫ਼ਰਵਰੀ ਦੀ ਮੀਟਿੰਗ ’ਚ ਸੰਯੁਕਤ ਮੋਰਚੇ ਨੇ ਸਾਨੂੰ ਛੇ ਬੰਦਿਆਂ ਨੂੰ ਭੇਜਿਆ ਸੀ ਜੋ ਪੂਰੇ ਦੇਸ਼ ਦੇ ਕਿਸਾਨਾਂ ਦੀ ਮੀਟਿੰਗ ਸੀ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਭੱਲੇਵਾਲ ਨੇ ਸਾਡਾ ਇਕ ਵਾਰ ਵੀ ਫ਼ੋਨ ਨਹੀਂ ਚੁੱਕਿਆ ਤੇ ਨਾ ਹੀ ਸਾਡੇ ਸਾਹਮਣੇ ਆਏ।
ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਜਥੇਬੰਦੀ ਚਾਹੁੰਦੀ ਸੀ ਕਿ ਕਿਸਾਨ ਸੰਯੁਕਤ ਮੋਰਚਾ ਦੀਆਂ ਸਾਰੀਆਂ ਜਥੇਬੰਦੀਆਂ ਡੱਲੇਵਾਲ ਜਥੇਬੰਦੀ ਵਲੋਂ ਖਨੌਰੀ ਬਾਰਡਰ ’ਤੇ ਲਗਾਏ ਧਰਨੇ ਵਿਚ ਆਉਣ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਜਥੇਬੰਦੀ ਨੇ ਸਾਡੇ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਤੇ ਉਹ ਕਹਿੰਦੇ ਜੋ ਮੰਗਾਂ ਅਸੀਂ ਮੰਗ ਰਹੇ ਹਾਂ ਉਹ ਹੀ ਠੀਕ ਹੈ ਤੇ ਤੁਸੀਂ ਸਾਰੇ ਸਾਡੇ ਮੋਰਚੇ ਵਿਚ ਆ ਕੇ ਬੈਠ ਜਾਉ।
ਉਗਰਾਹਾਂ ਨੇ ਕਿਹਾ ਕਿ ਮੰਗਾਂ ਦਾ ਕੋਈ ਮਸਲਾ ਨਹੀਂ ਹੁੰਦਾ, ਮਸਲਾ ਤਾਂ ਐਕਸ਼ਨ ਪਲਾਨ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਲੜਨ ਤੋਂ ਕੋਈ ਰੋਕ ਨਹੀਂ ਸਕਦਾ ਤੇ ਉਨ੍ਹਾਂ ਵਲੋਂ ਆਪਣੇ ਤੌਰ ’ਤੇ ਅੰਦੋਲਨ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਬਾਅ ਮੰਨਦੀ ਹੈ ਜਾਂ ਨਹੀਂ ਮੰਨਦੀ ਇਹ ਕੋਈ ਅਰਥ ਨਹੀਂ ਰਖਦਾ। ਉਗਰਾਹਾਂ ਨੇ ਕਿਹਾ ਕਿ ਜਨਤਾ ਤਾਂ ਪਿਛਲੇ ਦਿੱਲੀ ਕਿਸਾਨ ਧਰਨੇ ਦੌਰਾਨ ਵੀ ਕਹਿੰਦੀ ਸੀ ਕਿ ਕੇਂਦਰ ਸਰਕਾਰ ਨਹੀਂ ਮੰਨਣ ਵਾਲੀ ਨਹੀਂ ਤੇ ਨਾ ਹੀ ਸਰਕਾਰ ਡਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜੋ ਡਰ ਜ਼ਰੂਰ ਹੁੰਦਾ ਹੈ ਪਰ ਉਹ ਦਿਖਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਸਰਕਾਰਾਂ ਜਾਂ ਮੰਤਰੀਆਂ ਨੂੰ ਡਰ ਹੁੰਦਾ ਤਾਂ ਉਹ ਜਨਤਾ ਸਾਹਮਣੇ ਘੱਟ ਹੀ ਆਉਂਦੇ ਹਨ, ਜਿਸ ਕਰ ਕੇ ਸਰਕਾਰਾਂ ਆਪਣਾ ਫ਼ੈਸਲਾ ਬਦਲਣਾ ਪੈਂਦਾ ਹੈ ਤੇ ਕੇਂਦਰ ਸਰਕਾਰ ਨੇ ਸਿੱਧੇ ਤੌਰ ’ਤੇ ਐਲਾਨ ਕਰ ਦਿਤਾ ਸੀ ਕਿ ਤਿੰਨੇ ਕਾਨੂੰਨ ਵਾਪਸ ਲੈ ਲਏ ਹਨ। ਉਗਰਾਹਾਂ ਨੇ ਕਿਹਾ ਕਿ ਜੋ 12 ਮੰਗਾਂ ਹੋਰ ਮਨਵਾਉਣ ਲਈ ਜੋ ਡੱਲੇਵਾਲ ਵਲੋਂ ਲੜਾਈ ਲੜੀ ਜਾ ਰਹੀ ਉਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਵੱਡੇ ਸੰਘਰਸ਼ ਦੀ ਲੋੜ ਹੈ, ਜੋ ਪੂਰੇ ਭਾਰਤ ਦੀਆਂ ਲਗਭਗ 500 ਜਥੇਬੰਦੀਆਂ ਪੂਰੀ ਤਿਆਰੀ ਕਰ ਕੇ ਤੇ ਮਿਲ ਕੇ ਲੜਨ ਪਰ ਇਸ ਲਈ ਕਾਫ਼ੀ ਸਮਾਂ ਲੱਗੇਗਾ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੁੱਝ ਅਜਿਹੇ ਸੂਬੇ ਹਨ ਜਿੱਥੇ ਇਨ੍ਹਾਂ ਮੰਗਾਂ ਬਾਰੇ ਹਾਲੇ ਗੱਲ ਪਹੁੰਚੀ ਵੀ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਤਾਂ ਚਾਹੁੰਦਾ ਹੀ ਹੈ ਕਿ ਡੱਲੇਵਾਲ ਨੂੰ ਕੁੱਝ ਹੋਵੇ ਤੇ ਪੰਜਾਬ ਵਿਚ ਹਿੰਸਾ ਦਾ ਮਾਹੌਲ ਬਣੇ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਹਰਿਆਣੇ ਵਿਚ ਵੱਡਾ ਇਕੱਠ ਕਰਾਂਗੇ ਜਿਸ ਵਿਚ ਮੋਦੀ ਸਰਕਾਰ ਵਲੋਂ ਖੇਡੀਆਂ ਜਾ ਰਹੀਆਂ ਚਾਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤੇ ਹਰਿਆਣੇ ਦੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਲਾਮਬੰਦ ਕੀਤਾ ਜਾਵੇਗਾ।