
ਪੁਲਿਸ ਨੇ ਫ਼ਿਰੋਜ਼ਪੁਰ ਕੈਂਟ ਤੋਂ ਲੜਕੀ ਨੂੰ ਕੀਤਾ ਬਰਾਮਦ.......
ਸ੍ਰੀ ਮੁਕਤਸਰ ਸਾਹਿਬ : ਵਿਆਹ ਵਾਲੇ ਦਿਨ ਸਵੇਰੇ ਪਾਰਲਰ 'ਤੇ ਤਿਆਰ ਹੋਣ ਲਈ ਆਈ ਪਿੰਡ ਚੱਕ ਪਾਲੀਵਾਲਾ ਮੋਹਲਾ (ਫ਼ਾਜ਼ਿਲਕਾ) ਦੀ 20 ਸਾਲਾ ਲੜਕੀ ਨੂੰ ਸੱਤ ਹਥਿਆਰਬੰਦ ਨੌਜਵਾਨਾਂ ਨੇ ਸ਼ਹਿਰ ਦੇ ਮੇਨ ਬਾਜ਼ਾਰ 'ਚ ਪਾਰਲਰ ਤੋਂ ਹੀ ਚੁੱਕ ਲਿਆ। ਉਹ ਲੜਕੀ ਨੂੰ ਕਾਰ 'ਚ ਲੈ ਕੇ ਉਥੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਜਿਸਦੇ ਬਾਅਦ ਪੁਲਿਸ ਨੇ ਫ਼ਿਰੋਜ਼ਪੁਰ ਕੈਂਟ ਤੋਂ ਲੜਕੀ ਨੂੰ ਵੀ ਬਰਾਮਦ ਕਰ ਲਿਆ। ਜਦਕਿ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਵਰਣਨਯੋਗ ਹੈ ਕਿ ਨੌਜਵਾਨਾਂ ਨੇ ਜਬਰਦਸਤੀ ਲੜਕੀ ਨੂੰ ਚੁੱਕ ਲਿਆ। ਹਾਲਾਂ ਕਿ ਇਸ ਦੌਰਾਨ ਪਰਵਾਰ ਅਤੇ ਲੜਕੀ ਨੇ ਵੀ ਇਸ ਦਾ ਵਿਰੋਧ ਕੀਤਾ। ਇਕ ਵਾਰ ਤਾਂ ਲੜਕੀ ਕਾਰ 'ਚੋਂ ਵੀ ਹੇਠਾਂ ਡਿੱਗ ਗਈ, ਪਰ ਫਿਰ ਤੋਂ ਜਬਰਦਸਤੀ ਚੁੱਕ ਕੇ ਉਨ੍ਹਾਂ ਨੇ ਕਾਰ 'ਚ ਸੁੱਟਿਆ ਅਤੇ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪਾਰਲਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਥਾਣਾ ਸਿਟੀ ਮੁਖੀ ਅਸ਼ੋਕ ਕੁਮਾਰ, ਐਸਪੀ ਰਣਬੀਰ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਥਾਣਾ ਸਿਟੀ ਮੁਖੀ ਅਸ਼ੋਕ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੇ ਫ਼ਿਰੋਜ਼ਪੁਰ ਛਾਉਣੀ ਦੇ ਕੋਲੋ ਲੜਕੀ ਨੂੰ ਬਰਾਮਦ ਕਰ ਲਿਆ ਹੈ।
ਐਸ.ਐਸ.ਪੀ ਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਨੌਜਵਾਨਾਂ ਬਲਜੀਤ ਸਿੰਘ ਉਰਫ਼ ਬੱਬੂ ਤੇ ਹਰਪ੍ਰੀਤ ਸਿੰਘ ਉਰਫ਼ ਹਰਮਨ ਨਿਵਾਸੀ ਕੋਟਕਪੂਰਾ ਰੋਡ ਮੁਕਤਸਰ ਨੂੰ ਵੀ ਕਾਬੂ ਕਰ ਲਿਆ ਹੈ। ਉਹਨਾਂ ਅਨੁਸਾਰ ਇਹ ਕੁੱਲ ਸੱਤ ਨੌਜਵਾਨ ਸਨ। ਜਿੰਨਾਂ 'ਚੋਂ ਤਲਵਿੰਦਰ ਸਿੰਘ ਉਰਫ਼ ਛਿੰਦਾ ਨਿਵਾਸੀ ਬੰਨਾਂਵਾਲੀ (ਫਾਜ਼ਿਲਕਾ) ਤੇ ਯਾਦਵਿੰਦਰ ਸਿੰਘ ਉਰਫ਼ ਯਾਦੂ ਨਿਵਾਸੀ ਪਾਂਕਾ (ਫਾਜ਼ਿਲਕਾ) ਸਮੇਤ ਤਿੰਨ ਅਣਪਛਾਤੇ ਲੋਕ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਜਿੰਨਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।