
ਕਿਸਾਨਾਂ ਨੇ ਕਿਹਾ ਕਿ ਕਿਸਾਨ ਲਾਂਘੇ ਦੇ ਖ਼ਿਲਾਫ਼ ਨਹੀਂ ਪਰ ਕੇਂਦਰ ਤੇ ਪੰਜਾਬ ਸਰਕਾਰ ਜ਼ਮੀਨ ਦਾ ਰੇਟ ਤੈਅ ਕਰੇ...
ਬਟਾਲਾ : ਕਰਤਾਰਪੁਰ ਲਾਂਘੇ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਨੈਸ਼ਨਲ ਹਾਈਵੇਅ ਅਥਾਰਿਟੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਮੀਨ ਮਾਲਕ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਟਾਲਣ ਲਈ ਬਟਾਲਾ ਤੇ ਗੁਰਦਾਸਪੁਰ ਤੋਂ ਵੱਡੀ ਗਿਣਤੀ ਪੁਲੀਸ ਅਧਿਕਾਰੀ ਪਹੁੰਚੇ ਹੋਏ ਸਨ। ਇਸ ਮੌਕੇ ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕਥਿਤ ਧੱਕਾ ਕਰ ਰਹੀ ਹੈ।
ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੂਬਾ ਸਿੰਘ ਅਤੇ ਸੁਖਬੀਰ ਸਿੰਘ ਬਾਜਵਾ ਨੇ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ’ਚ ਐਕੁਆਇਰ ਕੀਤੀ ਜ਼ਮੀਨ ਦੀਆਂ ਨਕਲਾਂ ਕਿਸਾਨਾਂ ਨੂੰ ਦਿਖਾਈਆਂ। ਉਨ੍ਹਾਂ ਕਿਹਾ ਕਿ ਉੱਥੇ ਪ੍ਰਤੀ ਏਕੜ 70 ਤੋਂ 80 ਲੱਖ ਰੁਪਏ ਕਿਸਾਨਾਂ ਨੂੰ ਮਿਲੇ ਹਨ ਪਰ ਡੇਰਾ ਬਾਬਾ ਨਾਨਕ ਵਿਚ ਕਿਸਾਨਾਂ ਨੂੰ ਪ੍ਰਤੀ ਏਕੜ ਸਿਰਫ਼ 20 ਲੱਖ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਪ੍ਰਤੀ ਏਕੜ ਇਕ ਕਰੋੜ ਰੁਪਏ ਦੀ ਮੰਗ ਕੀਤੀ। ਸੁਖਬੀਰ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਭਰੋਸੇ ਵਿਚ ਲਏ ਬਗੈਰ ਅੱਜ ਜ਼ਮੀਨ ਗ੍ਰਹਿਣ ਕਰਨ ਆਏ ਸਨ।
ਉਨ੍ਹਾਂ ਕਿਹਾ ਕਿ ਕਿਸਾਨ ਲਾਂਘੇ ਦੇ ਖ਼ਿਲਾਫ਼ ਨਹੀਂ ਪਰ ਕੇਂਦਰ ਤੇ ਪੰਜਾਬ ਸਰਕਾਰ ਜ਼ਮੀਨ ਦਾ ਰੇਟ ਤੈਅ ਕਰੇ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਲਾਂਘੇ ਲਈ ਐਕੁਆਇਰ ਹੋਣ ਵਾਲੀ ਜ਼ਮੀਨ ਦੇ ਇਕ ਮਾਲਕ ਕਿਸਾਨ ਮੰਗਲ ਸਿੰਘ ਨੂੰ ਇਸੇ ਕਾਰਨ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਨੇ ਮੰਗਲ ਸਿੰਘ ਨੂੰ ਮੰਜੇ ਸਮੇਤ ਧਰਨਾ ਸਥਾਨ ’ਤੇ ਲਿਆਂਦਾ। ਐੱਸਡੀਐੱਮ ਸਿਮਰਨਜੀਤ ਸਿੰਘ ਢਿੱਲੋਂ ਤੇ ਦਿੱਲੀ ਤੋਂ ਆਏ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤ ਕਰਦਿਆਂ ਭਰੋਸਾ ਦਿੱਤਾ ਕਿ ਉਹ ਸਿਰਫ਼ ਜ਼ਮੀਨ ਦੀ ਨਿਸ਼ਾਨਦੇਹੀ ਹੀ ਕਰਨ ਆਏ ਹਨ।
ਉਨ੍ਹਾਂ ਨਾਲ ਮੁਆਵਜ਼ੇ ਸਮੇਤ ਹੋਰ ਮੰਗਾਂ ਸਬੰਧੀ ਲਿਖਤੀ ਗੱਲਬਾਤ ਤੈਅ ਕਰਨ ਪਿੱਛੋਂ ਹੀ ਜ਼ਮੀਨ ਗ੍ਰਹਿਣ ਕੀਤੀ ਜਾਵੇਗੀ। ਐੱਸਡੀਐੱਮ ਨੇ ਦੱਸਿਆ ਕਿ 58 ਏਕੜ ਜ਼ਮੀਨਾਂ ਦੇ ਖਸਰਾ ਨੰਬਰ ਦੇਖ ਕੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ‘ਸਮਝਾ ਕੇ’ ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕਰਮਚਾਰੀ ਜ਼ਮੀਨਾਂ ਵਿਚ ਬੁਰਜੀਆਂ ਲਗਾ ਰਹੇ ਹਨ। ਇਸੇ ਦੌਰਾਨ ਗੁਰਦਾਸਪੁਰ ਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਤਿੰਨ ਮਹੀਨਿਆਂ ਵਿੱਚ ਸਿਰਫ਼ ਨਿਸ਼ਾਨਦੇਹੀ ਹੀ ਹੋਈ
ਕਰਤਾਰਪੁਰ ਲਾਂਘੇ ਦੇ ਉਦਘਾਟਨ ਨੂੰ 26 ਫਰਵਰੀ ਨੂੰ ਤਿੰਨ ਮਹੀਨੇ ਪੂਰੇ ਹੋ ਰਹੇ ਹਨ। ਕੇਂਦਰ ਸਰਕਾਰ ਨੇ ਡੇਰਾ ਬਾਬਾ ਨਾਨਕ ਵਿਚ 26 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ ਅਤੇ ਉਦੋਂ ਚਾਰ ਮਹੀਨਿਆਂ ਵਿਚ ਕੰਮ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਕੇਂਦਰ ਤੇ ਪੰਜਾਬ ਸਰਕਾਰ ਨੇ ਹਾਲੇ ਸਿਰਫ ਲਾਂਘੇ ਲਈ ਜ਼ਮੀਨ ਦੀ ਨਿਸ਼ਾਨਦੇਹੀ ਹੀ ਕੀਤੀ ਹੈ, ਜਦੋਂ ਕਿ ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਤਣਾਅਪੂਰਨ ਰਿਸ਼ਤਿਆਂ ਦੇ ਬਾਵਜੂਦ 50 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ।
ਕਰਤਾਰਪੁਰ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਲਾਂਘੇ ਦੇ ਕੰਮ ਨੂੰ ਨਿਰਵਿਘਨ ਤੇ ਜੰਗੀ ਪੱਧਰ ’ਤੇ ਕਰਵਾ ਰਹੀ ਹੈ ਜੋ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਲਾਂਘੇ ਦੇ ਕੰਮ ਵਿਚ ਤੇਜ਼ੀ ਲਿਆਏ। ਉਧਰ, ਡੇਰਾ ਬਾਬਾ ਨਾਨਕ ਵਿਚ ਜ਼ਮੀਨ ਮਾਲਕ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਮੁਆਵਜ਼ੇ ਨੂੰ ਲੈ ਕੇ ਚੱਲ ਰਹੇ ਤਣਾਅ ਕਾਰਨ ਸੰਗਤਾਂ ’ਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ। ਕੇਂਦਰ ਸਰਕਾਰ ਨੇ ਕੌਮਾਂਤਰੀ ਸੀਮਾ ’ਤੇ ਜਿੱਥੇ ‘ਲਾਲ ਝੰਡੀ’ ਹੀ ਲਗਾਈ ਹੈ, ਉਥੇ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਸਿਰਫ਼ ਜ਼ਮੀਨ ਦੀ ਨਿਸ਼ਾਨਦੇਹੀ ਦੀ ਰਸਮ ਨਿਭਾਉਂਦੇ ਹੀ ਦੇਖੇ ਗਏ।