
ਪੰਜਾਬ ਸਰਕਾਰ ਵਲੋਂ ਮਿਆਰੀ ਸਿਖਿਆ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਨਕਲ ਨੂੰ ਠੱਲ ਪਾਉਣ ਲਈ ਆਈ.ਟੀ.ਆਈ ਪ੍ਰੀਖਿਆਵਾਂ ਲਈ ਇਮਤਿਹਾਨ ਕੇਂਦਰ ਸਿਰਫ਼ ਸਰਕਾਰੀ ਸੰਸਥਾਵਾਂ ਵਿਚ ਹੀ..
ਚੰਡੀਗੜ੍ਹ, 10 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਮਿਆਰੀ ਸਿਖਿਆ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਨਕਲ ਨੂੰ ਠੱਲ ਪਾਉਣ ਲਈ ਆਈ.ਟੀ.ਆਈ ਪ੍ਰੀਖਿਆਵਾਂ ਲਈ ਇਮਤਿਹਾਨ ਕੇਂਦਰ ਸਿਰਫ਼ ਸਰਕਾਰੀ ਸੰਸਥਾਵਾਂ ਵਿਚ ਹੀ ਬਣਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ।
ਅੱਜ ਇਥੇ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦਸਿਆ ਕਿ ਸਟੇਟ ਕਾਂਉਸਲ ਫਾਰ ਵੋਕੇਸ਼ਨਲ ਟਰੇਨਿੰਗ ਦੇ ਅਧੀਨ ਵੱਖ-ਵੱਖ ਸਮੈਸਟਰਾਂ ਲਈ 18 ਅਗੱਸਤ ਤੋਂ 10 ਸਤੰਬਰ ਤਕ ਹੋਣ ਵਾਲੀਆਂ ਪ੍ਰੀਖਿਆਵਾਂ ਲਈ 82 ਸਰਕਾਰੀ ਆਈ.ਟੀ.ਆਈ ਵਿਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨਾਲ ਹੀ ਦਸਿਆ ਕਿ ਕਿਸੇ ਵੀ ਪ੍ਰਾਈਵੇਟ ਆਈ.ਟੀ.ਆਈ ਵਿਚ ਪ੍ਰੀਖਿਆ ਕੇਂਦਰ ਨਹੀਂ ਬਣਾਇਆ ਗਿਆ।
ਸ. ਚੰਨੀ ਨੇ ਦਸਿਆ ਕਿ ਇੰਨਾਂ ਪ੍ਰੀਖਿਆਵਾਂ ਦੌਰਾਨ ਆਈ.ਟੀ.ਆਈ., ਆਰਟ ਐਂਡ ਕਰਾਫ਼ਟ ਅਤੇ ਟੀਚਰਜ਼ ਟਰੇਨਿੰਗ ਦੇ ਇਮਤਿਹਾਨ ਲਏ ਜਾਣੇ ਹਨ। ਉਨ੍ਹਾਂ ਦਸਿਆ ਕਿ ਨਿੱਜੀ ਅਦਾਰਿਆਂ ਦੀ ਇਮਤਿਹਾਨ ਲੈਣ ਵਿਚ ਦਖ਼ਲਅੰਦਾਜ਼ੀ ਬਿਲਕੁਲ ਖ਼ਤਮ ਕਰ ਦਿਤੀ ਗਈ ਹੈ। ਉਨ੍ਹਾਂ ਨਾਲ ਹੀ ਦਸਿਆ ਕਿ ਇਮਤਿਹਾਨ ਕੇਂਦਰਾਂ ਵਿਚ ਨਿਗਰਾਨੀ ਲਈ ਸਾਰਾ ਅਮਲਾ ਵੀ ਸਰਕਾਰੀ ਤੈਨਾਤ ਕੀਤਾ ਜਾਵੇਗਾ।
ਤਕਨੀਕੀ ਸਿਖਿਆ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਿਦਆਂ ਕਿਹਾ ਕਿ ਪ੍ਰੀਖਿਆਵਾਂ ਦੌਰਾਨ ਸਾਰੇ ਕੇਂਦਰਾਂ ਦੀ ਅਚਨਚੇਤ ਚੈਕਿੰਗ ਯਕੀਨੀ ਕੀਤੀ ਜਾਵੇ ਅਤੇ ਨਕਲ ਕਰਨ ਵਾਲਿਆਂ ਜਾਂ ਕਰਵਾਉਣ ਵਾਲਿਆਂ ਵਿਰੁਧ ਪੂਰੀ ਸਖ਼ਤੀ ਵਰਤੀ ਜਾਵੇ।
ਇਸ ਮੌਕੇ ਸ. ਚੰਨੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਰਕਾਰ ਵਲੋਂ ਤਹਿ ਸ਼ਰਤਾਂ ਅਨੁਸਾਰ ਨਿੱਜੀ ਤਕਨੀਕੀ ਸਿੱਖਿਆ ਅਦਾਰਿਆਂ ਅਤੇ ਆਈ. ਟੀ.ਆਈ ਪਹਿਲ ਦੇ ਅਧਾਰ 'ਤੇ ਤਹਿ ਸਰਤਾਂ ਅਨੁਸਾਰ ਬਿਲਡਿੰਗਾਂ, ਪੂਰਾ ਸਟਾਫ ਅਤੇ ਹੋਰ ਲੋੜੀਂਦਾ ਇੰਨਫਰਾਸਟੱਕਚਰ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣ।ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹਾ ਨਾ ਕਰਨ ਵਾਲੇ ਅਦਾਰਿਆਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਕਿਸੇ ਅਜਿਹੇ ਅਦਾਰੇ ਨੂੰ ਨਿਯਮਾ ਵਿਚ ਕੋਈ ਢਿੱਲ ਨਾ ਦਿੱਤੀ ਜਾਵੇ।
ਇਸ ਮੌਕੇ ਸ੍ਰੀ ਪ੍ਰਵੀਨ ਕੁਮਾਰ ਥਿੰਦ, ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਸ੍ਰੀ ਚੰਦਰ ਗੈਂਦ, ਸਕੱਤਰ ਪੰਜਾਬ ਰਾਜ ਤਕਨੀਕੀ ਸਿਖਿਆ ਬੋਰਡ, ਸ੍ਰੀ ਮੋਹਨਬੀਰ ਸਿੰਘ, ਅਡੀਸ਼ਨਲ ਡਾਇਰੈਕਟਰ, ਸ੍ਰੀਮਤੀ ਦਮਨਪ੍ਰਿਤ ਕੌਰ ਡੀ.ਡੀ.ਏ, ਸ੍ਰੀਮਤੀ ਦਲਜੀਤ ਕੌਰ, ਸ੍ਰੀ ਰਾਜੀਵ ਪੁਰੀ ਰਜਿਸਟਰਾਰ ਕਮ ਕੰਟਰੋਲਰ ਅਤੇ ਸ੍ਰੀ ਨਰਿੰਦਰ ਪਾਲ ਸਿੰਘ ਲਾਂਬਾ, ਡਿਪਟੀ ਡਾਇਰੈਕਟਰ ਤੋਂ ਇਲਾਵਾ ਕਈ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿਚ ਹਾਜ਼ਰ ਸਨ।