
ਸਰਬੱਤ ਦਾ ਭਲਾ ਟਰੱਸਟ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪਹਿਲੇ ਪੜਾਅ 'ਚ ਖਰਚੇਗਾ 40 ਲੱਖ ਰੁਪਏ
ਚੰਡੀਗੜ੍ਹ, 26 ਮਾਰਚ (ਤੇਜਿੰਦਰ ਫ਼ਤਿਹਪੁਰ)- ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਉਬਰਾਏ ਨੇ ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਕੋਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਔਖੀ ਘੜੀ 'ਚ ਬਾਂਹ ਫੜਦਿਆਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਰਾਹੀਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਲਈ 40 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
File photo
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲੇ ਪੜਾਅ ਤਹਿਤ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਜ਼ਿਲ੍ਹਿਆਂ ਦੇ ਮੁੱਖੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਰਕਮ ਭੇਜੀ ਜਾਵੇਗੀ।
sp singh oberoi
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਸਿਆਂ ਨਾਲ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਲੋੜਵੰਦ ਦਿਹਾੜੀਦਾਰ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਖਰਚ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪੈਸੇ ਦੀ ਵਰਤੋਂ ਲਈ ਪ੍ਰਸ਼ਾਸ਼ਨ ਟਰੱਸਟ ਦੀ ਸਥਾਨਕ ਜ਼ਿਲ੍ਹਾ ਇਕਾਈ ਨਾਲ ਤਾਲਮੇਲ ਕਰੇਗਾ ਅਤੇ ਪ੍ਰਸ਼ਾਸ਼ਨ ਵੱਲੋਂ ਖਰੀਦੇ ਸਾਮਾਨ ਦੀ ਜ਼ਿਲ੍ਹਾ ਇਕਾਈ ਵੱਲੋਂ ਪੁਸ਼ਟੀ ਕਰਨ ਉਪਰੰਤ ਪੈਸੇ ਸਪਲਾਇਰ ਦੇ ਖਾਤੇ ਵਿੱਚ ਸਿੱਧੇ ਭੇਜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿੱਚ ਮਜੀਠਾ,ਬਟਾਲਾ,ਜਗਰਾਉਂ ਅਤੇ ਖੰਨਾ ਪੁਲਿਸ ਜ਼ਿਲ੍ਹੇ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ।
Corona Virus
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ 40 ਲੱਖ ਰੁਪਏ ਖਰਚਣ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ,ਸਿਵਲ ਸਰਜਨਾਂ ਤੇ ਪੁਲਸ ਮੁਖੀਆਂ ਦੀ ਮੰਗ ਤੇ ਟਰੱਸਟ ਵੱਲੋਂ ਲੋੜ ਅਨੁਸਾਰ ਵੈਂਟੀਲੇਟਰ,ਮਰੀਜ਼ ਦੇ ਸਾਹ ਲੈਣ 'ਚ ਸਹਾਈ ਹੋਣ ਵਾਲੇ ਉਪਕਰਨ, ਸੈਨੀਟਾਈਜ਼ਰ,ਮਾਸਕ ਅਤੇ ਹੋਰ ਲੋੜੀਂਦਾ ਸਾਮਾਨ ਵੀ ਭੇਜਿਆ ਜਾ ਰਿਹਾ ਹੈ।
Hand Sanitizer
ਜਿਸ ਤਹਿਤ ਲਗਭਗ ਹਰੇਕ ਜ਼ਿਲ੍ਹੇ ਦੇ ਪੁਲਿਸ ਪ੍ਰਬੰਧਨ ਨੂੰ ਸੈਨੀਟਾਈਜ਼ਰ ਭੇਜ ਦਿੱਤੇ ਗਏ ਹਨ ਤੇ ਹੋਰ ਵੀ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰਾਂ ਦੀ ਮੰਗ ਤੇ ਟਰੱਸਟ ਵੱਲੋਂ 2-2 ਵੈਂਟੀਲੇਟਰਾਂ ਦੀ ਖ਼੍ਰੀਦ ਦਾ ਆਰਡਰ ਵੀ ਕੀਤਾ ਜਾ ਚੁੱਕਾ ਹੈ,ਜੋ ਬਹੁਤ ਹੀ ਜਲਦ ਸਬੰਧਤ ਜ਼ਿਲ੍ਹਿਆ ਅੰਦਰ ਪਹੁੰਚ ਜਾਣਗੇ।
thermometer
ਇਸ ਤੋਂ ਬਿਨਾਂ ਕੁਝ ਜ਼ਿਲ੍ਹਿਆਂ ਅੰਦਰ ਟਰੱਸਟ ਵੱਲੋਂ ਇਨਫਰਾਰੈੱਡ ਥਰਮਾਮੀਟਰ ਵੀ ਭੇਜੇ ਗਏ ਹਨ ਅਤੇ ਸਿਵਲ ਸਰਜਨਾਂ ਵੱਲੋਂ ਮੰਗ ਕਰਨ ਤੇ ਹੋਰ ਵੀ ਭੇਜੇ ਜਾ ਰਹੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਟਰੱਸਟ ਵੱਲੋਂ ਆਪਣੇ ਸਿਲਾਈ ਕੇਂਦਰਾਂ ਅੰਦਰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਟਰੱਸਟ ਦੇ ਸਿਲਾਈ ਅਧਿਆਪਕ ਆਪਣੇ ਘਰਾਂ ਅੰਦਰ ਮਾਸਕ ਤਿਆਰ ਕਰਕੇ ਪ੍ਰਸ਼ਾਸ਼ਨ ਰਾਹੀਂ ਲੋੜਵੰਦ ਲੋਕਾਂ ਤੱਕ ਮੁਫਤ ਪਹੁੰਚਾ ਰਹੇ ਹਨ ।
sp singh oberoi
ਡਾ.ਐਸ.ਪੀ. ਸਿੰਘ ਓਬਰਾਏ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਕਰਨ।