
ਭਾਰਤ ਬੰਦ ਦੌਰਾਨ ਸੂਬੇ ਭਰ ਦੇ 'ਆਪ' ਵਰਕਰਾਂ ਨੇ ਬੰਦ ਵਿੱਚ ਕੀਤੀ ਸ਼ਮੂਲੀਅਤ
ਚੰਡੀਗੜ੍ਹ - ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਭਾਰਤ ਬੰਦ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਇਤਿਹਾਸ ਰਚ ਰਿਹਾ ਹੈ, ਇਸ ਲਈ ਸਰਕਾਰ ਘਬਰਾਈ ਹੋਈ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਪ੍ਰੀਖਿਆ ਲੈਣਾ ਬੰਦ ਕਰੇ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨਕੇ ਕਾਲੇ ਕਾਨੂੰਨ ਰੱਦ ਕਰੇ।
Farmers Protest
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਭਾਰਤ ਦੇ ਇਤਿਹਾਸ ਵਿੱਚ ਸੁਨਿਹਰੇ ਅੱਖਰਾਂ ਵਿੱਚ ਦਰਜ ਹੋ ਗਿਆ ਹੈ। ਇਹ ਭਾਰਤ ਹੀ ਨਹੀਂ ਦੁਨੀਆ ਦਾ ਸਭ ਤੋਂ ਜ਼ਿਆਦਾ ਦਿਨ ਚੱਲਣ ਵਾਲੇ ਜਨ ਅੰਦੋਲਨ ਵਿੱਚੋਂ ਇਕ ਬਣ ਗਿਆ ਹੈ। ਮੋਦੀ ਸਰਕਾਰ ਨੇ ਅੰਦੋਲਨ ਨੂੰ ਕੁਚਲਣ ਦੀ ਹਰ ਸੰਭਵ ਗੈਰਲੋਕਤੰਤਰਿਕ ਕੋਸ਼ਿਸ਼ ਕੀਤੀ, ਪ੍ਰੰਤੂ ਦੇਸ਼ ਦੇ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਰਹੇ।
PM Modi
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਵੱਖ ਵੱਖ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਦੀ ਤਾਨਾਸ਼ਾਹੀ ਦੇ ਬਾਵਜੂਦ ਜਿਸ ਤਰ੍ਹਾਂ ਕਿਸਾਨਾ ਨੇ ਐਨੇ ਦਿਨ ਤੱਕ ਸ਼ਾਂਤਮਈ ਅੰਦੋਲਨ ਚਲਾਇਆ ਉਹ ਇਕ ਮਿਸ਼ਾਲ ਹੈ। ਇਹ ਅੰਦੋਲਨ ਦੁਨੀਆ ਭਰ ਦੇ ਅੰਦੋਲਨਕਾਰੀਆਂ ਅਤੇ ਸਮਾਜਿਕ ਵਰਕਰਾਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਭਾਰਤ ਬੰਦ ਨੂੰ ਦੇਸ਼ ਦੇ ਹਰ ਵਰਗ ਦੇ ਲੋਕਾਂ ਨੇ ਸਮਰਥਨ ਕੀਤਾ, ਚਾਹੇ ਉਹ ਵਪਾਰੀ ਵਰਗ ਹੋਵੇ, ਮਜ਼ਦੂਰ, ਦੁਕਾਨਦਾਰ, ਟਰਾਂਸਪੋਰਟ ਸਭ ਨੇ ਬੰਦ ਦਾ ਸਮਰਥਨ ਕੀਤਾ।
Pm modi
ਹੁਣ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਰਿਹਾ, ਹੁਣ ਇਹ ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਦੇਸ਼ ਦਾ ਅੰਨਦਾਤਾ 120 ਦਿਨਾਂ ਤੋਂ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੜਕਾਂ ਉਤੇ ਅੰਦੋਲਨ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਸਾਰੇ ਵੱਡੇ ਆਗੂ ਬੰਗਾਲ ਦੀਆਂ ਚੋਣਾਂ ਦੇ ਪ੍ਰਚਾਰ ਵਿੱਚ ਰੁਝੇ ਹੋਏ ਹਨ।
PM Modi, Amit Shah
ਮੋਦੀ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੋਦੀ-ਸ਼ਾਹ ਨੂੰ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। ਸੱਤਾ ਦੇ ਨਸ਼ੇ ਵਿੱਚ ਭਾਜਪਾ ਨੂੰ ਐਨਾ ਹੰਕਾਰ ਹੋ ਗਿਆ ਕਿ ਉਹ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨਾਂ ਦੇ ਪੇਟ 'ਤੇ ਲੱਤ ਮਾਰ ਰਹੀ ਹੈ। ਪ੍ਰੰਤੂ ਜਨਤਾ ਸਭ ਦੇਖ ਰਹੀ ਹੈ। ਛੇਤੀ ਹੀ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਉਖੇੜ ਦੇਵੇਗੀ।
Aam Aadmi Party
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਨਾਲ ਭਾਰਤ ਬੰਦ ਵਿੱਚ ਸ਼ਾਮਲ ਹੋਏ। 'ਆਪ' ਵਰਕਰਾਂ ਨੇ ਬਿਨਾਂ ਕੋਈ ਪਾਰਟੀ ਦੇ ਝੰਡੇ ਅਤੇ ਬੈਨਰ ਦੇ ਕਿਸਾਨ ਬਣਕੇ ਭਾਰਤ ਬੰਦ ਵਿੱਚ ਸ਼ਾਮਲ ਹੋਏ ਅਤੇ ਬੰਦ ਦਾ ਸਮਰਥਨ ਕੀਤਾ। ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਅਸੀਂ ਅੰਦੋਲਨ ਨੂੰ ਮਜ਼ਬੂਤ ਬਣਾਉਣ ਦਾ ਹਰਸੰਭਵ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਛੇਤੀ ਹੀ ਕਿਸਾਨਾਂ ਦੀ ਜਿੱਤ ਹੋਵੇਗੀ। ਮੋਦੀ ਸਰਕਾਰ ਨੂੰ ਕਿਸਾਨਾਂ ਦੇ ਹੌਂਸਲੇ ਅਤੇ ਹਿੰਮਤ ਦੇ ਸਾਹਮਣੇ ਝੁਕਣਾ ਪਵੇਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਣਾ ਪਵੇਗਾ।