
ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਤੋਂ ਹੋਈ ਵੱਡੀ ਭੁੱਲ
ਫ਼ਰੀਦਕੋਟ : ਫ਼ਰੀਦਕੋਟ ਲੋਕ ਲਭਾ ਸੀਟ 'ਤੇ ਇਸ ਵਾਰ ਅਕਾਲੀ ਦਲ, ਕਾਂਗਰਸ, 'ਆਪ' ਅਤੇ ਪੰਜਾਬੀ ਏਕਤਾ ਪਾਰਟੀ ਦੇ ਚਾਰ ਉਮੀਦਵਾਰਾਂ ਦੀ ਸਖ਼ਤ ਟੱਕਰ ਅਰਥਾਤ ਚਹੁਕੌਣਾ ਮੁਕਾਬਲਾ ਵੇਖਣ ਨੂੰ ਮਿਲੇਗਾ। ਸੂਬੇ 'ਚ ਇਸ ਸਮੇਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਚੱਲ ਰਿਹਾ ਹੈ। ਅੱਜ ਫ਼ਰੀਦਕੋਟ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਉਦੋਂ ਹਾਸੋਹੀਣੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਚੋਣ ਅਫ਼ਸਰ ਦੇ ਦਫ਼ਤਰ ਪੁਹੰਚੇ ਪਰ ਨਾਮਜ਼ਦਗੀ ਕਾਗ਼ਜ਼ ਘਰ ਹੀ ਭੁੱਲ ਆਏ।
Prof. Sadhu Singh
ਜਾਣਕਾਰੀ ਮੁਤਾਬਕ ਪ੍ਰੋ. ਸਾਧੂ ਸਿੰਘ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬਹੁਤ ਹੀ ਸਾਦੇ ਢੰਗ ਨਾਲ ਚੋਣ ਅਫ਼ਸਰ ਦੇ ਦਫ਼ਤਰ ਪੁਹੰਚੇ, ਪਰ ਨਾਮਜ਼ਦਗੀ ਪੱਤਰਾਂ ਨੂੰ ਸਹੀ ਤਰੀਕੇ ਨਾਲ ਭਰਨਾ ਭੁੱਲ ਗਏ। ਸਾਧੂ ਸਿੰਘ ਆਪਣੇ ਕੁਝ ਲੋੜੀਂਦੇ ਦਸਤਾਵੇਜ਼ ਘਰ ਭੁੱਲ ਆਏ। ਚੋਣ ਅਧਿਕਾਰੀ ਸਹਿ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਵ ਰਾਜ ਨੇ ਉਨ੍ਹਾਂ ਦੇ ਅਧੂਰੇ ਨਾਮਜ਼ਦਗੀ ਕਾਗ਼ਜ਼ ਨਹੀਂ ਪ੍ਰਾਪਤ ਕੀਤੇ। ਰੀਟਰਨਿੰਗ ਅਫ਼ਸਰ ਨੇ ਉਨ੍ਹਾਂ ਨੂੰ 3 ਵਜੇ ਤਕ ਦਾ ਸਮਾਂ ਦਿੱਤਾ, ਪਰ ਉਹ ਤੈਅ ਸਮੇਂ ਵਿਚ ਮੁੜ ਤੋਂ ਪਹੁੰਚਣ 'ਚ ਸਫ਼ਲ ਨਾ ਹੋ ਸਕੇ।
Prof. Sadhu Singh
ਇਹ ਘਟਨਾ ਵਾਪਰਨ 'ਤੇ ਸਾਧੂ ਸਿੰਘ ਨੇ ਕਿਹਾ ਕਿ ਜੇ ਕਾਗ਼ਜ਼ ਭਰਨ 'ਚ ਕਮੀ ਰਹਿ ਗਈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਐਮ.ਪੀ. ਫੇਲ ਹੋ ਗਿਆ। ਪ੍ਰੋ. ਸਾਧੂ ਸਿੰਘ ਕੋਲ ਹੁਣ ਨਾਮਜ਼ਦਗੀ ਦਾਇਰ ਕਰਨ ਲਈ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਹੈ। ਆਉਣ ਵਾਲੇ ਦੋ ਦਿਨ ਚੋਣ ਅਧਿਕਾਰੀ ਛੁੱਟੀ 'ਤੇ ਹਨ ਅਤੇ ਸਿਰਫ਼ 29 ਅਪ੍ਰੈਲ ਨੂੰ ਹੀ ਨਾਮਜ਼ਦਗੀਆਂ ਪ੍ਰਾਪਤ ਕਰਨਗੇ।