
ਕਲਾਨੌਰ: ਬਲਾਤਕਾਰ ਦੇ ਦੋਸ਼ ਲੱਗਣ ਮਗਰੋਂ ਪੰਥ ’ਚੋਂ ਛੇਕੇ ਗਏ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਾਬੰਦੀ ਦੇ ਬਾਵਜੂਦ ਕਲਾਨੌਰ ਵਿਚ ਇਕ ਵਿਸ਼ਾਲ ਰੈਲੀ ਕੀਤੀ। ਦੱਸ ਦਈਏ ਕਿ ਹਲਕੇ ਦੇ ਕੁਝ ਲੋਕਾਂ ਨੇ ਲੰਗਾਹ ਦੇ ਵਿਰੁਧ ਸ਼੍ਰੀ ਅਕਾਲ ਤਖ਼ਤ ਸਾਹਿਬ ’ਚ ਸ਼ਿਕਾਇਤ ਕਰਕੇ ਲੰਗਾਹ ਵਲੋਂ ਮੀਟਿੰਗਾਂ ਤੇ ਰੈਲੀਆਂ ਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ।
Giani Harpreet Singh
ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਹਦਾਇਤ ਕੀਤੀ ਕਿ ਉਹ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਨ ਤੋਂ ਗੁਰੇਜ਼ ਕਰਨ ਤੇ ਅਜਿਹਾ ਨਾ ਕਰਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਦੇ ਬਾਵਜੂਦ ਲੰਗਾਹ ਨੇ ਅੱਜ ਕਲਾਨੌਰ ਵਿਚ ਵਿਸ਼ਾਲ ਰੈਲੀ ਕੀਤੀ। ਰੈਲੀ ’ਚ ਲੰਗਾਹ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਦਿਲੋਂ ਸਤਿਕਾਰ ਕਰਦਾ ਹੈ ਤੇ ਉਨ੍ਹਾਂ ਦੇ ਹਰ ਹੁਕਮ ਨੂੰ ਸਵੀਕਾਰ ਕਰਨ ਲਈ ਤਿਆਰ ਹੈ।
Sucha Singh Langah
ਉਸ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੈਨੂੰ ਪੰਥ ’ਚੋਂ ਬਾਹਰ ਕੱਢਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੇਰੀ ਸਾਰ ਨਹੀਂ ਲਈ ਪਰ ਮੇਰੇ ਵਰਕਰ ਹਮੇਸ਼ਾ ਮੇਰੇ ਨਾਲ ਖੜਦੇ ਰਹੇ ਜਿੰਨ੍ਹਾਂ ਦੀ ਬਦੌਲਤ ਅੱਜ ਮੈਂ ਜਿਉਂਦਾ ਹਾਂ। ਲੰਗਾਹ ਨੇ ਕਿਹਾ ਕਿ ਉਹ ਇਕ ਸਾਧਾਰਨ ਵਰਕਰ ਦੇ ਰੂਪ ਵਿਚ ਅਪਣੇ ਸਾਥੀਆਂ ਨਾਲ ਮਿਲ ਕੇ ਹਲਕੇ ਦੇ ਮੰਤਰੀ ਦੇ ਜ਼ੁਲਮਾਂ ਵਿਰੁਧ ਮੁੜ ਮੈਦਾਨ ਵਿਚ ਆਇਆ ਹਾਂ।
ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਉਸ ਨੂੰ ਘਰ ਦੀ ਕੈਦ ਵਿਚ ਰਹਿਣ, ਅਪਣੇ ਵੋਟਰਾਂ ਦੀ ਵਰਤੋਂ ਨਾ ਕਰਨ ਸਮੇਤ ਪੰਜਾਬ ਤੋਂ ਬਾਹਰ ਚਲੇ ਜਾਣ ਦਾ ਹੁਕਮ ਦਿੰਦਾ ਹੈ। ਉਸ ਨੇ ਕਿਹਾ ਕਿ ਉਹ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਕਰੇਗਾ ਪਰ ਉਹ ਕਾਂਗਰਸ ਪਾਰਟੀ ਦਾ ਵੀ ਡਟ ਕੇ ਵਿਰੋਧ ਕਰੇਗਾ।