
ਸ਼ਾਮ ਸਾਢੇ ਪੰਜ ਵਜੇ ਦਫ਼ਤਰ ਬੰਦ ਕਰਨ ਸਮੇਂ ਪਤਾ ਲੱਗਾ
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ/ਗੁਰਦੇਵ ਸਿੰਘ): ਸਥਾਨਕ ਅਬੋਹਰ ਰੋਡ 'ਤੇ ਸਥਿਤ ਪਨਸਪ ਏਜੰਸੀ ਦੇ ਦਫ਼ਤਰ ਦੇ ਪਿੱਛੇ ਨੰਗੀਆਂ ਪਈਆਂ ਤਾਰਾਂ ਕਾਰਨ ਇਕ 55 ਸਾਲਾ ਔਰਤ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਪਨਸਪ ਦਫ਼ਤਰ 'ਚ ਸਫ਼ਾਈ ਦਾ ਕੰਮ ਕਰਦੀ ਸੀ। ਮ੍ਰਿਤਕ ਅਮਰਜੀਤ ਕੌਰ (55) ਪਤਨੀ ਸੁਰਿੰਦਰ ਸਿੰਘ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਸੱਤ ਵਜੇ ਦਫ਼ਤਰ ਆਈ ਅਤੇ ਸਫ਼ਾਈ ਕਰਨ ਤੋਂ ਬਾਅਦ ਦਫ਼ਤਰ ਦੇ ਪਿੱਛੇ ਗਈ ਤਾਂ ਉਸ ਨੂੰ ਦਫ਼ਤਰ ਪਿੱਛੇ ਪਈ ਬਿਜਲੀ ਦੀ ਅਰਥ ਵਾਲੀ ਤਾਰ 'ਚੋਂ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਦਾ ਪਤਾ ਦਫ਼ਤਰ ਕਰਮਚਾਰੀਆਂ ਨੂੰ ਸ਼ਾਮ ਸਾਢੇ ਪੰਜ ਵਜੇ ਦਫ਼ਤਰ ਬੰਦ ਕਰਨ ਸਮੇਂ ਲੱਗਾ ਤਾਂ ਉਨ੍ਹਾਂ ਤੁਰਤ ਉਸ ਦੇ ਪਰਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਸੂਚਨਾ ਦਿਤੀ। ਮ੍ਰਿਤਕ ਦੇ ਲੜਕੇ ਸੰਦੀਪ ਕੁਮਾਰ ਨੇ ਦਸਿਆ ਕਿ ਉਸ ਦੀ ਮਾਤਾ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਸੱਤ ਵਜੇ ਘਰੋਂ ਗਈ ਸੀ। ਉਹ ਰੋਜ਼ਾਨਾ 12 ਵਜੇ ਘਰ ਆ ਜਾਂਦੀ ਸੀ, ਪਰ ਅੱਜ ਘਰ ਨਹੀਂ ਆਈ। ਜਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ਉਤੇ ਪਹੁੰਚੇ।
File photo
ਮ੍ਰਿਤਕ ਆਪਣੇ ਪਿੱਛੇ ਇਕ ਲੜਕੀ ਤੇ ਲੜਕਾ ਛੱਡ ਗਈ ਹੈ। ਬੱਸ ਅੱਡਾ ਸ੍ਰੀ ਮੁਕਤਸਰ ਸਾਹਿਬ ਚੌਕੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸੇ ਦੌਰਾਨ ਥਾਣਾ ਸਿਟੀ ਇੰਚਾਰਜ਼ ਅਮਨਦੀਪ ਸਿੰਘ ਬਰਾੜ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜ਼ਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਜਦੋਂ ਡੀਐਮ ਮਾਨਵ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਇਸ ਮਾਮਲੇ ਦੀ ਸੂਚਨਾ ਡਿਪਟੀ ਕਮਿਸ਼ਨਰ ਐਮ. ਕੇ. ਅਰਾਵਿੰਦ ਕੁਮਾਰ ਨੂੰ ਦੇ ਦਿਤੀ ਗਈ ਹੈ, ਜੋ ਵੀ ਕਾਰਵਾਈ ਕਰਨਗੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਜਾਵੇਗੀ। ਦਫ਼ਤਰ ਦੀ ਛੱਤ ਉਪਰ ਲੱਗੇ ਟਾਵਰ ਦੀ ਵੀ ਜਾਂਚ ਕੀਤੀ ਜਾਵੇਗੀ।