
Tarn Taran News : ਪੰਜਾਬ ਸਰਕਾਰ ਪੰਜਾਬ ਦੇ ਹਰ ਕੋਨੇ ਤੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ: ਲਾਲਜੀਤ ਸਿੰਘ ਭੁੱਲਰ
Tarn Taran News in Punjabi : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ “ਯੁੱਧ ਨਸ਼ਿਆਂ ਵਿਰੁੱਧ” ਮਹਿੰਮ ਤਹਿਤ ਸੂਹੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਨੂੰ ਜਾਰਗੂਕ ਕਰਨ ਹਿੱਤ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਅੱਜ ਵਿਸ਼ਾਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਤਰਨ ਤਾਰਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਇਸ ਵਿਸ਼ਾਲ ਜਾਗਰੂਕਤਾ ਰੈਲੀ ਦੀ ਅਗਵਾਈ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕੀਤੀ ਅਤੇ ਸਕੂਲੀ ਵਿਦਿਆਰਥੀਆਂ ਤੇ ਸਮੂਹ ਹਾਜ਼ਰੀਨਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਦੀ ਸਹੁੰ ਚੁਕਾਈ।
ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ, ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ, ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਆਈ. ਏ. ਐਸ. ਤੋਂ ਇਲਾਵਾ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਜ਼ਿਲ੍ਹਾ ਯੋਜਨਾ ਕਮੇਟੀ ਤਰਨ ਤਰਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਪੰਜਾਬ ਵਾਟਰ ਰਿਸੋਰਸ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਵਾਈਸ ਚੇਅਰਮੈਨ ਪੰਜਾਬ ਖਾਦੀ ਬੋਰਡ ਹਰਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਅੰਜੂ ਵਰਮਾ ਅਤੇ ਯੂਥ ਆਗੂ ਅੰਗਦ ਸਿੰਘ ਸੋਹਲ ਐਸ. ਡੀ. ਐੱਮ ਤਰਨ ਤਾਰਨ ਅਰਵਿੰਦਰ ਪਾਲ ਸਿੰਘ, ਐੱਸ. ਡੀ. ਐੱਮ. ਪੱਟੀ ਇੰਦਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਜਨਰਲ ਡਾ. ਕਰਨਵੀਰ ਸਿੰਘ, ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਵੀ ਇਸ ਜਾਗਰੂਕਤਾ ਰੈਲੀ ਦਾ ਹਿੱਸਾ ਬਣੇ।
ਇਹ ਵਿਸ਼ਾਲ ਰੈਲੀ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਤੋਂ ਸ਼ੁਰੂ ਹੋ ਕੇ ਜੰਡਿਆਲਾ ਰੋਡ, ਬੋਹੜੀ ਚੌਂਕ ਤੋਂ ਹੁੰਦੀ ਹੋਈ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਪਹੁੰਚੀ।ਇਸ ਰੈਲੀ ਦੌਰਾਨ ਸਕੂਲੀ ਵਿਦਿਆਰਥੀਆਂ ਅਤੇ ਸਮੂਹ ਭਾਗੀਦਾਰਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦਿਆਂ ਨਸ਼ਿਆਂ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ ਅਤੇ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਦਾ ਸਹਿਯੋਗ ਦੇਣ ਦਾ ਪ੍ਰਣ ਲਿਆ
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਸਾਰੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਵਿੱਚ ਆਪਣਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਸਮਾਜ ਦੇ ਹਰੇਕ ਵਰਗ ਦਾ ਸਹਿਯੋਗ ਲੈ ਕੇ ਇਸ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ।
ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਵਿਸ਼ਾਲ ਜਾਗਰੂਕਤਾ ਰੈਲੀ ਨਾਲ ਵੀ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ੇ ਦੀ ਦਲ-ਦਲ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ੇ ਛੱਡ ਰਹੇ ਹਨ, ਉਨ੍ਹਾਂ ਦੇ ਪੁਨਰਵਾਸ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਤੇ ਖ਼ੁਸ਼ਹਾਲ ਜੀਵਨ ਨੂੰ ਚੁਣਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਵਾਸੀਆਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦੀ ਹੋਈ ਇਹ ਵਿਸ਼ਾਲ ਜਾਗਰੂਕਤਾ ਰੈਲੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਪਹੁੰਚ ਕੇ ਸਮਾਪਤ ਹੋਈ, ਜਿੱਥੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਕੂਲੀ ਵਿਦਿਆਰਥੀਆਂ ਤੇ ਸਮੂਹ ਭਾਗੀਦਾਰਾਂ ਨੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਪੰਜਾਬ ਦੇ ਨਸ਼ਾ ਮੁਕਤ ਹੋਣ ਦੀ ਅਰਦਾਸ ਕੀਤੀ।
(For more news apart from 5000 school students participated in mega rally create awareness about ill effects of drugs News in Punjabi, stay tuned to Rozana Spokesman)