
ਸ਼ਰਮਸਾਰ ਹੋਈ ਮਨੁੱਖਤਾ
ਲੁਧਿਆਣਾ : ਲੁਧਿਆਣਾ ਦੇ ਇਕ ਪ੍ਰਾਈਵੇਟ ਸਕੂਲ ਨੇ ਫੀਸ ਨਾ ਜਮਾਂ ਕਰਵਾਉਣ 'ਤੇ ਇਕ ਬੱਚੇ ਦੇ ਹੱਥ 'ਤੇ ਫ਼ੀਸ ਭਰਵਾਉਣ ਸਬੰਧੀ ਮੁਹਰ ਲਗਾ ਕੇ ਉਸ ਨੂੰ ਘਰ ਭੇਜ ਦਿੱਤਾ। ਮੁਹਰ 'ਚ ਬੱਚੇ ਦੇ ਮਾਪਿਆਂ ਲਈ ਸੰਦੇਸ਼ ਲਿਖਿਆ ਸੀ ਕਿ ਉਹ ਆਪਣੇ ਬੇਟੇ ਅਤੇ ਬੇਟੀ ਦੇ ਫੀਸ ਤੁਰੰਤ ਜਮਾਂ ਕਰਵਾ ਦੇਣ। ਆਮ ਤੌਰ 'ਤੇ ਫੀਸ ਜਮਾਂ ਕਰਵਾਉਣ ਦਾ ਨੋਟਿਸ ਕਾਗ਼ਜ਼ ਜਾਂ ਡਾਇਰੀ 'ਚ ਲਿਖ ਕੇ ਦਿੱਤਾ ਜਾਂਦਾ ਹੈ।
Harshdeep Singh shows stamp on his arm
ਘਟਨਾ ਮੁੰਡੀਆਂ ਕਲਾਂ ਇਲਾਕੇ ਦੀ ਹੈ। ਇਹ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ। 7ਵੀਂ ਜਮਾਤ 'ਚ ਪੜ੍ਹਨ ਵਾਲਾ ਵਿਦਿਆਰਥੀ ਹਰਸ਼ਦੀਪ ਸਿੰਘ ਬੀਤੇ ਸ਼ੁਕਰਵਾਰ ਪ੍ਰੀਖਿਆ ਦੇਣ ਸਕੂਲ ਗਿਆ ਸੀ। ਹਰਸ਼ਦੀਪ ਦੇ ਮਾਪਿਆਂ ਨੇ ਉਸ ਦੀ ਅਪ੍ਰੈਲ-ਮਈ ਮਹੀਨੇ (760 ਰੁਪਏ ਪ੍ਰਤੀ ਮਹੀਨਾ) ਦੀ ਫੀਸ ਨਹੀਂ ਜਮਾਂ ਕਰਵਾਈ ਸੀ। ਇਸ ਤੋਂ ਇਲਾਵਾ ਉਸ ਦੀ 17 ਸਾਲਾ ਵੱਡੀ ਭੈਣ ਦੀ ਵੀ ਲਗਭਗ 6805 ਰੁਪਏ ਫੀਸ ਬਕਾਇਆ ਸੀ। ਉਸ ਨੇ ਇਸੇ ਸਾਲ ਸਕੂਲ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ।
Harshdeep Singh shows stamp on his arm
ਹਰਸ਼ਦੀਪ ਦੇ ਪਿਤਾ ਕੁਲਦੀਪ ਸਿੰਘ ਆਟੋ ਰਿਕਸ਼ਾ ਚਲਾਉਂਦੇ ਹਨ। ਕੁਲਦੀਪ ਨੇ ਦੱਸਿਆ, "ਇਹ ਬਹੁਤ ਗ਼ਲਤ ਗੱਲ ਹੈ। ਮੈਂ ਰੋਜ਼ਾਨਾ 300 ਰੁਪਏ ਕਮਾਉਂਦਾ ਹਾਂ। ਮੇਰਾ ਦੂਜੇ ਬੇਟਾ ਵੀ ਕੰਮ ਕਰਦਾ ਹੈ ਅਤੇ ਉਸ ਨੂੰ ਮਹੀਨੇ ਦੀ 25 ਤਰੀਕ ਨੂੰ ਤਨਖ਼ਾਹ ਮਿਲਦੀ ਹੈ। ਅਸੀ ਸਕੂਲ ਨੂੰ ਪਹਿਲਾਂ ਹੀ ਕਿਹਾ ਸੀ ਕਿ 25 ਮਈ ਤਕ ਫ਼ੀਸ ਦੇ ਦਿਆਂਗੇ।"
Harshdeep Singh shows stamp on his arm
ਕੁਲਦੀਪ ਨੇ ਦੱਸਿਆ ਕਿ ਸਕੂਲ ਵੱਲੋਂ ਉਸ ਦੇ ਬੱਚੇ ਦੀ ਬਾਂਹ 'ਤੇ ਮੁਹਰ ਲਗਾਏ ਜਾਣ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਬੱਚੇ ਨੂੰ ਉਸ ਦੇ ਸਾਥੀ ਵਿਦਿਆਰਥੀ ਚਿੜਾ ਰਹੇ ਸਨ। ਉਧਰ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸ਼ੁਕਰਵਾਰ ਨੂੰ ਜਿਨ੍ਹਾਂ ਬੱਚਿਆਂ ਦੀ ਫੀਸ ਨਹੀਂ ਆਈ ਸੀ, ਉਨ੍ਹਾਂ ਦੀ ਕਾਪੀ 'ਤੇ ਫੀਸ ਜਮਾਂ ਕਰਵਾਉਣ ਲਈ ਮੁਹਰ ਲਗਾ ਕੇ ਨੋਟਿਸ ਦਿੱਤਾ ਗਿਆ। ਜਦੋਂ ਹਰਸ਼ਦੀਪ ਤੋਂ ਕਾਪੀ ਮੰਗੀ ਤਾਂ ਉਸ ਨੇ ਕਾਪੀ ਨਾ ਹੋਣ ਦੀ ਗੱਲ ਕਹੀ। ਜਿਸ ਤੋਂ ਬਾਅਦ ਉਸ ਦੇ ਹੱਥ 'ਤੇ ਮੁਹਰ ਲਗਾ ਦਿੱਤੀ।