
ਇਕ ਨੌਜਵਾਨ ਦੀ ਹਾਲਤ ਗੰਭੀਰ ; ਸਿਵਲ ਹਸਪਤਾਲ ਬਠਿੰਡਾ 'ਚ ਦਾਖ਼ਲ ਕਰਵਾਇਆ
ਬਠਿੰਡਾ : ਗੋਨਿਆਣਾ-ਬਾਜ਼ਾਖਾਨਾ ਸੜਕੀ ਮਾਰਗ 'ਤੇ ਸਥਿੱਤ ਪਿੰਡ ਗੋਨਿਆਣਾ ਖੁਰਦ ਨੇੜੇ ਇਕ ਕਾਰ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਤਿੰਨੋਂ ਨੌਜਵਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰ ਜ਼ੀਰਾ ਦੇ ਹਨ।
Accident-1
ਸਥਾਨਕ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕਾਰ ਚਾਲਕ ਨੌਜਵਾਨ ਵਿਸ਼ਾਲ ਨੇ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਦਵਿੰਦਰ ਅਤੇ ਸਤਵੀਰ ਕਾਰ ਨੰਬਰ ਪੀ.ਬੀ. 65 ਐਕਸ 4447 'ਤੇ ਸਵਾਰ ਹੋ ਕੇ ਬਠਿੰਡਾ ਵੱਲ ਆ ਰਹੇ ਸਨ ਕਿ ਪਿੰਡ ਗੋਨਿਆਣਾ ਖੁਰਦ ਕੋਲ ਅਚਾਨਕ ਉਨ੍ਹਾਂ ਦੀ ਕਾਰ ਦੀ ਇਕ ਟਰਾਲੇ ਨਾਲ ਟੱਕਰ ਹੋ ਗਈ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋ ਨੌਜਵਾਨ ਕਾਰ 'ਚ ਹੀ ਮੌਕੇ 'ਤੇ ਦਮ ਤੋੜ ਗਏ।
Accident-2
ਬੁਰੀ ਤਰ੍ਹਾਂ ਜ਼ਖ਼ਮੀ ਹੋਏ ਕਾਰ ਚਾਲਕ ਵਿਸ਼ਾਲ ਨੂੰ ਲੋਕਾਂ ਨੇ ਇਲਾਜ ਲਈ ਗੋਨਿਆਣਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਉਸ ਸਿਵਲ ਹਸਪਤਾਲ ਬਠਿੰਡਾ ਰੈਫ਼ਰ ਕਰ ਦਿਤਾ ਗਿਆ। ਮ੍ਰਿਤਕਾਂ ਦੀ ਪਛਾਣ ਦਵਿੰਦਰ ਅਤੇ ਸਤਵੀਰ ਵਾਸੀ ਜ਼ੀਰਾ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਉਕਤ ਤਿੰਨੋਂ ਨੌਜਵਾਨ ਬਠਿੰਡਾ ਵਿਖੇ ਆਪਣੇ ਇਕ ਮਿੱਤਰ ਦੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਆ ਰਹੇ ਸਨ। ਮ੍ਰਿਤਕਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚਾਇਆ ਗਿਆ।
Accident-3
ਥਾਣਾ ਮੁਖੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਟਰਾਲਾ ਨੰਬਰ ਆਰ.ਜੇ. 14 ਜੀ.ਈ. 3251 ਨੂੰ ਜ਼ਬਤ ਕਰ ਲਿਆ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਅਗਲੇਰੀ ਕਰਵਾਈ ਅਮਲ 'ਚ ਲਿਆਂਦੀ ਜਾਵੇਗੀ।