
ਰਾਸ਼ਟਰਪਤੀ ਜੋਕੋ ਵਿਡੋਡੋ ਦੂਜੇ ਕਾਰਜਕਾਲ ਲਈ 55.5 ਫ਼ੀ ਸਦੀ ਵੋਟਾਂ ਨਾਲ ਜੇਤੂ ਬਣੇ
ਜਕਾਰਤਾ : ਇੰਡੋਨੇਸ਼ੀਆ 'ਚ ਰਾਸ਼ਟਰਪਤੀ ਚੋਣਾਂ 'ਚ ਹਾਰੇ ਹੋਏ ਉਮੀਦਵਾਰ ਸਾਬਕਾ ਜਨਰਲ ਪ੍ਰਬੋਵੋ ਸੁਬਿਆਂਤੋ ਦੇ ਸਮਰਥਕਾਂ ਅਤੇ ਸੁਰਖਿਆ ਫੌਜ ਵਿਚਕਾਰ ਲੜਾਈ ਹੋ ਗਈ। ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਪੁਲਿਸ ਦੀ ਇਕ ਇਮਾਰਤ ਅਤੇ ਗੱਡੀਆਂ ਨੂੰ ਅੱਗ ਲਗਾ ਦਿਤੀ। ਇਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 200 ਜ਼ਖ਼ਮੀ ਹੋ ਗਏ। ਰਾਸ਼ਟਰੀ ਪੁਲਿਸ ਬੁਲਾਰੇ ਡੇਡੀ ਪਰਸਤਿਯੋ ਨੇ ਦਸਿਆ ਕਿ ਪ੍ਰਰਦਸ਼ਨਕਾਰੀ ਮੰਗਲਵਾਰ ਰਾਤ ਨੂੰ ਹਿੰਸਕ ਹੋ ਗਏ ਅਤੇ ਹਿੰਸਾ ਪੂਰੀ ਰਾਤ ਜਾਰੀ ਰਹੀ। ਬੁਧਵਾਰ ਨੂੰ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
Six dead, 200 injured in protests over Indonesia's election result
ਅਧਿਕਾਰੀਆਂ ਨੇ ਇਥੇ ਅਤਿਵਾਦੀ ਹਮਲੇ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ ਤੇ ਲੋਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਈ ਕੱਟੜਪੰਥੀਆਂ ਨੂੰ ਹਿਰਾਸਤ 'ਚ ਲਿਆ ਹੈ ਜੋ ਪ੍ਰਦਰਸ਼ਨਾਂ ਦੌਰਾਨ ਕਥਿਤ ਤੌਰ 'ਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ। ਇਥੇ ਸੋਸ਼ਲ ਮੀਡੀਆ 'ਤੇ ਵੀ ਰੋਕ ਲਗਾ ਦਿਤੀ ਗਈ ਹੈ।ਇੰਡੋਨੇਸ਼ੀਆ ਦੇ ਚੋਣ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਜੋਕੋ ਵਿਡੋਡੋ ਨੇ 17 ਅਪ੍ਰੈਲ ਨੂੰ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ। ਉਹ ਦੂਜੇ ਕਾਰਜਕਾਲ ਲਈ 55.5 ਫ਼ੀ ਸਦੀ ਵੋਟਾਂ ਨਾਲ ਦੋਬਾਰਾ ਰਾਸ਼ਟਰਪਤੀ ਚੁਣੇ ਗਏ ਹਨ।
Six dead, 200 injured in protests over Indonesia's election result
ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸਾਬਕਾ ਜਨਰਲ ਪ੍ਰਬੋਵੋ ਸੁਬਿਆਂਤੋ ਨੇ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਹੈ ਤੇ ਅਪਣੇ-ਆਪ ਨੂੰ ਜੇਤੂ ਘੋਸ਼ਿਤ ਕੀਤਾ ਹੈ। ਉਨ੍ਹਾਂ ਦੀ ਯੋਜਨਾ ਚੋਣਾਂ ਨੂੰ ਸੰਵਿਧਾਨਕ ਅਦਾਲਤ 'ਚ ਚੁਣੌਤੀ ਦੇਣ ਦੀ ਹੈ। ਜਕਾਰਤਾ ਦੇ ਗਵਰਨਰ ਐਨਿਜ਼ ਬਾਸਵੇਡਾਨ ਨੇ ਇਸ ਸਬੰਧੀ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਮੰਗਲਵਾਰ ਰਾਤ ਤੋਂ ਭੜਕੇ ਹੋਏ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤੇ ਹਨ। ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ।