
ਕੁੱਲ ਪਾਜ਼ੇਟਿਵ ਅੰਕੜਾ ਹੋਇਆ 2091 ਠੀਕ ਹੋਏ 1913
ਚੰਡੀਗੜ੍ਹ, 25 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 21 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2081 ਤਕ ਪਹੁੰਚ ਗਈ ਹੈ। ਕੁੱਲ ਪਾਜ਼ੇਟਿਵ ਕੇਸਾਂ ਵਿਚ ਹੁਣ ਤਕ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 1913 ਤਕ ਪਹੁੰਚ ਗਈ ਹੈ। ਇਸ ਸਮੇਂ 6 ਜ਼ਿਲ੍ਹੇ ਕੋਰੋਨਾ ਪੀੜਤ ਹੋ ਚੁੱਕੇ ਹਨ ਅਤੇ ਇੰਨੇ ਹੀ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ 1 ਜਾਂ 2 ਪਾਜ਼ੇਟਿਵ ਮਾਮਲੇ ਬਾਕੀ ਹਨ। ਅੱਜ ਇਕੋ ਦਿਨ ਵਿਚ 15 ਕੋਰੋਨਾ ਪੀੜਤ ਠੀਕ ਹੋਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਰੇ ਪੀੜਤ ਠੀਕ ਹੋਣ 'ਤੇ ਕੋਰੋਨਾ ਮੁਕਤ ਸ਼੍ਰੇਣੀ ਵਿਚ ਆਏ ਜ਼ਿਲ੍ਹਾ ਮੋਹਾਲੀ ਵਿਚ ਅੱਜ ਫਿਰ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਇਥੇ ਇਕ ਹੋਰ ਕੇਸ ਨਵਾਂ ਗਰਾਉਂ ਤੋਂ ਸਾਹਮਣੇ ਆਇਆ ਹੈ। ਜ਼ਿਲ੍ਹਾ ਅੰਿਮ੍ਰਤਸਰ ਵਿਚ 10 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿਚ ਵੀ 6 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਇਸ ਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਪਟਿਆਲਾ ਤੇ ਸੰਗਰੂਰ ਵਿਚ ਵੀ 24 ਘੰਟਿਆਂ ਦੌਰਾਨ ਹੋਰ ਪਾਜ਼ੇਅਿਵ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਹਸਪਤਾਲਾਂ ਵਿਚ 128 ਕੇਸ ਇਲਾਜ ਅਧੀਨ ਹਨ।
ਮੋਹਾਲੀ 'ਚ ਇਕ ਔਰਤ ਕੋਰੋਨਾ ਪੀੜਤ
ਮੁੱਲਾਂਪੁਰ ਗ਼ਰੀਬਦਾਸ, 25 ਮਈ (ਰਵਿੰਦਰ ਸਿੰਘ ਸੈਣੀ) : ਮੋਹਾਲੀ ਜ਼ਿਲ੍ਹੇ 'ਚ ਪੈਂਦੇ ਕਸਬਾ ਨਵਾਂਗਰਾਉਂ ਵਿਖੇ ਜਿਥੇ ਕਈ ਦਿਨਾਂ ਤੋਂ ਕੋਈ ਕੋਰੋਨਾ ਦਾ ਮਰੀਜ਼ ਸਾਹਮਣੇ ਨਹੀਂ ਆਇਆ ਸੀ, ਉਥੇ ਹੀ ਹੁਣ ਆਦਰਸ਼ ਨਗਰ ਵਿਖੇ ਇਕ ਮਹਿਲਾ ਉਰਮਿਲਾ ਉਮਰ 29 ਸਾਲ ਦੀ ਕੋਰੋਨਾ ਵਾਇਰਸ ਰੀਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੀ ਐਸ.ਐਮ.ਓ ਕੁਲਜੀਤ ਕੌਰ ਦੇ ਆਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਪੀੜਤ ਮਹਿਲਾ ਦੇ 14 ਪਰਵਾਰਕ ਮੈਂਬਰਾਂ ਨੂੰ ਇਕਾਂਤਵਾਸ ਵਿਚ ਰਖਿਆ ਗਿਆ ਹੈ। ਇਸ ਤੋਂ ਇਲਾਵਾ ਟੀਮ ਵਲੋਂ 132 ਘਰਾਂ ਦਾ ਸਰਵੇ ਕਰ ਕੇ 573 ਲੋਕਾਂ ਦਾ ਚੈਕਅੱਪ ਕੀਤਾ ਗਿਆ।
ਜਾਣਕਾਰੀ ਅਨੁਸਾਰ ਪੀੜਤ ਮਹਿਲਾਂ ਵਲੋਂ ਪਿਛਲੇ ਦਿਨੀਂ ਸੈਕਟਰ-16 ਚੰਡੀਗੜ੍ਹ ਦੇ ਹਸਪਤਾਲ ਵਿਖੇ ਲੜਕੀ ਨੂੰ ਜਨਮ ਦਿਤਾ ਗਿਆ ਸੀ। ਪੀੜਤ ਮਹਿਲਾ ਉਰਮਿਲਾ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਵਲੋਂ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਆਦਰਸ਼ ਨਗਰ ਨੂੰ ਸੈਨੇਟਾਈਜ਼ਰ ਕੀਤਾ ਗਿਆ ਹੈ। ਇਸ ਮੌਕੇ ਇੰਸਪੈਕਟਰ ਅਸ਼ੋਕ ਕੁਮਾਰ ਨੇ ਦਸਿਆ ਕਿ ਆਦਰਸ਼ ਨਗਰ ਦੇ ਸਾਰੇ ਇਲਾਕੇ ਨੂੰ ਮੁਕੰਮਲ ਤੌਰ 'ਤੇ ਸੀਲ ਕਰ ਦਿਤਾ ਗਿਆ ਹੈ।
File photo
ਕਪੂਰਥਲਾ : ਇਕ ਹੋਰ ਕੋਰੋਨਾ ਕੇਸ
ਕਪੂਰਥਲਾ, 25 ਮਈ (ਪਪ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲੇ 'ਚ ਕਪੂਰਥਲਾ ਤੋਂ ਇਕ ਕੋਰੋਨਾ ਦਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਬੈਗੋਵਾਲ ਦੇ ਪਿੰਡ ਜੈਦ 'ਚੋਂ 35 ਸਾਲ ਦੇ ਵਿਅਕਤੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕੀਤੀ ਹੈ।
ਪਟਿਆਲਾ : ਇਕ ਔਰਤ ਕੋਰੋਨਾ ਪਾਜ਼ੇਟਿਵ
ਪਟਿਆਲਾ 25 ਮਈ (ਤੇਜਿੰਦਰ ਫ਼ਤਿਹਪੁਰ) : ਜ਼ਿਲ੍ਹੇ ਵਿਚ ਇਕ ਕੋਵਿਡ ਕੇਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਭੇਜੇ 69 ਸੈਂਪਲਾ ਦੀ ਲੈਬ ਤੋਂ ਪ੍ਰਾਪਤ ਰੀਪੋਰਟਾਂ ਅਨੁਸਾਰ 68 ਸੈਂਪਲਾਂ ਦੀ ਰੀਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਇਕ ਕੋਵਿਡ ਪਾਜ਼ੇਟਿਵ ਹੈ।
ਪਾਜ਼ੇਟਿਵ ਕੇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਰਾਜਪੁਰਾ ਦੇ ਗਰਗ ਕਾਲੋਨੀ ਦੀ ਰਹਿਣ ਵਾਲੀ 20 ਸਾਲਾ ਗਰਭਵਤੀ ਔਰਤ ਜੋ ਕਿ ਕੁੱਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਆਈ ਸੀ, ਦਾ ਦੂਸਰੇ ਰਾਜ ਤੋਂ ਆਉਣ ਕਾਰਨ ਰਾਜਪੁਰਾ ਵਿਖੇ ਕੋਵਿਡ ਜਾਂਚ ਲਈ ਸੈਂਪਲ ਲਿਆ ਗਿਆ ਸੀ ਜੋ ਕਿ ਲੈਬ ਰੀਪੋਰਟ ਅਨੁਸਾਰ ਕੋਵਿਡ ਪਾਜ਼ੇਟਿਵ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦਸਿਆ ਕਿ ਇਸ ਪਾਜ਼ੇਟਿਵ ਆਈ ਔਰਤ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਵਾ ਦਿਤਾ ਗਿਆ ਹੈ।
ਜਲੰਧਰ : 6 ਹੋਰ ਮਰੀਜ਼ਾਂ ਦੀ ਪੁਸ਼ਟੀ
ਜਲੰਧਰ, 25 ਮਈ (ਲੱਕੀ/ਸ਼ਰਮਾ) : ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 6 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 228 ਹੋ ਗਈ ਹੈ। ਇਨ੍ਹਾਂ 'ਚ ਦਾਦਾ ਕਾਲੋਨੀ ਦੇ ਰਹਿਣ ਵਾਲੇ 5 ਵਿਅਕਤੀਆਂ 'ਚ 8 ਸਾਲ ਅਤੇ 10 ਸਾਲ ਦੇ ਬੱਚੇ ਸਮੇਤ ਇਕ 55 ਸਾਲ, ਇਕ 32 ਸਾਲ ਦਾ ਵਿਅਕਤੀ ਅਤੇ ਇਕ 25 ਸਾਲ ਦੀ ਮਹਿਲਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਇਕ 56 ਸਾਲ ਦਾ ਵਿਅਕਤੀ ਵੇਰਕਾ ਪਲਾਂਟ ਨੇੜੇ ਗੁਰੂ ਅਮਰਦਾਸ ਨਗਰ ਦਾ ਰਹਿਣ ਵਾਲਾ ਸ਼ਾਮਲ ਹੈ।
ਅੰਮ੍ਰਿਤਸਰ 'ਚ 8 ਮਾਮਲੇ
ਅੰਮ੍ਰਿਤਸਰ, 25 ਮਈ (ਪ.ਪ.) : ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤਕ 301 ਮਰੀਜ਼ ਡਿਸਚਾਰਜ ਹੋ ਚੁੱਕੇ ਹਨ, 28 ਦਾ ਇਲਾਜ ਚਲ ਰਿਹਾ ਹੈ ਤੇ 6 ਦੀ ਮੌਤ ਹੋ ਚੁੱਕੀ ਹੈ, ਜਦਕਿ 91 ਨਮੂਨਿਆਂ ਦੀ ਰੀਪੋਰਟ ਆਉਣੀ ਬਾਕੀ ਹੈ।
ਤਰਨਤਾਰਨ : ਇਕ ਕੇਸ
ਤਰਨਤਾਰਨ, 25 ਮਈ (ਪਪ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਕੱਚਾ ਪੱਕਾ 'ਚ ਸਾਹਮਣੇ ਹੈ, ਜਿਥੇ ਇਕ ਨੌਜਵਾਨ ਕੋਰੋਨਾ ਰੀਪੋਰਟ ਅੱਜ ਪਾਜ਼ੇਟਿਵ ਆਈ ਹੈ। ਮਰੀਜ਼ ਦੀ ਪੁਸ਼ਟੀ ਹੋਣ ਉਪਰੰਤ ਤੁਰਤ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਹੈ।
ਪਠਾਨਕੋਟ : ਪੰਜ ਪਾਜ਼ੇਟਿਵ
ਪਠਾਨਕੋਟ (ਪਪ): ਪਠਾਨਕੋਟ 'ਚ ਸ਼ਾਮ ਨੂੰ ਪੰਜ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਚਾਰ ਸਾਲ ਦੀ ਇਕ ਬੱਚੀ ਸਮੇਤ ਚਾਰ ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ।