
ਲੋਕਾਂ ਨੂੰ ਸਵੱਛ ਵਾਤਾਵਰਣ, ਸ਼ੁੱਧ ਹਵਾ, ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤਾਂ ਤੇ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹਈਆ......
ਮੋਗਾ/ਨਿਹਾਲ ਸਿੰਘ ਵਾਲਾ : ਲੋਕਾਂ ਨੂੰ ਸਵੱਛ ਵਾਤਾਵਰਣ, ਸ਼ੁੱਧ ਹਵਾ, ਮਿਲਾਵਟ ਰਹਿਤ ਖਾਣ-ਪੀਣ ਦੀਆਂ ਵਸਤਾਂ ਤੇ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਆਰੰਭੇ ਗਏ 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣਾ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਕਰਦਿਆਂ ਦਸਿਆ ਕਿ ਸਵੱਛਤਾ ਸਬੰਧੀ ਕਰਵਾਏ ਗਏ ਸਵੱਛ ਸਰਵੇਖਣ 'ਚ ਜ਼ਿਲ੍ਹੇ ਦੀ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਨੂੰ ਪੂਰੇ ਪੰਜਾਬ ਵਿਚੋਂ ਅੱਠਵਾਂ ਸਥਾਨ ਪ੍ਰਾਪਤ ਹੋਇਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫ਼ਸਰ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਅਮਰਿੰਦਰ ਸਿੰਘ ਨੇ ਦਸਿਆ ਕਿ ਨਗਰ ਪੰਚਾਇਤ ਵਲੋਂ ਰੋਜ਼ਾਨਾ ਵਾਰਡ-ਵਾਈਜ਼ ਗਲੀਆਂ, ਨਾਲੀਆਂ ਤੇ ਜਨਤਕ ਥਾਵਾਂ ਦੀ ਸਾਫ਼-ਸਫ਼ਾਈ ਕਰਵਾਈ ਜਾਂਦੀ ਹੈ ਅਤੇ ਲੋਕਾਂ ਨੂੰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ, ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ, ਕੂੜਾ-ਕਰਕੱਟ ਸੜਕਾਂ/ਗਲੀਆਂ 'ਚ ਨਾ ਸੁੱਟਣ, ਖੁੱਲ੍ਹੇ ਵਿਚ ਪਖਾਨਾ ਨਾ ਜਾਣ ਅਤੇ ਦੂਸ਼ਿਤ ਪਾਣੀ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਨਾਲ ਹੀ ਸ਼ਹਿਰ ਵਿਚ ਪਾਣੀ ਦੀਆਂ ਪਾਈਪਾਂ ਵਿਚੋਂ ਪਾਣੀ ਦੀ ਲੀਕੇਜ਼ ਵੀ ਠੀਕ ਕਰਵਾਈ ਗਈ, ਜਿਸ ਨਾਲ ਜਿਥੇ ਪਾਣੀ ਦੀ ਬੱਚਤ ਹੋਵੇਗੀ, ਉਥੇ ਸ਼ਹਿਰ ਵਾਸੀਆਂ ਨੂੰ ਫਾਲਤੂ ਪਾਣੀ ਕਾਰਨ ਗਲੀਆਂ ਅਤੇ ਹੋਰ ਥਾਵਾਂ 'ਤੇ ਬੇਲੋੜੇ ਚਿੱਕੜ/ਗੰਦਗੀ ਤੋਂ ਵੀ ਮੁਕਤੀ ਮਿਲੇਗੀ। ਉਨ੍ਹਾਂ ਦਸਿਆ ਕਿ ਸ਼ਹਿਰ ਦੀਆਂ ਢੁਕਵੀਆਂ ਥਾਵਾਂ 'ਤੇ ਬੂਟੇ ਲਗਾਏ ਜਾਣਗੇ ਜਿਸ ਨਾਲ ਜਿਥੇ ਸ਼ਹਿਰ ਦੀ ਦਿੱਖ ਸੁਧਰੇਗੀ, ਉਥੇ ਪੌਦੇ ਲੱਗਣ ਨਾਲ ਵਾਤਾਵਰਣ ਵੀ ਪ੍ਰਦੂਸ਼ਣ ਮੁਕਤ ਹੋਵੇਗਾ।