
ਮਜ਼ਦੂਰ ਜਥੇਬੰਦੀਆਂ ਲਾਉਣਗੀਆਂ ਪਟਿਆਲਾ 'ਚ ਮੋਰਚਾ
ਚੇਤਨਾ ਤੇ ਲਾਮਬੰਦੀ ਮੁਹਿੰਮ ਤਹਿਤ ਪਿੰਡਾਂ 'ਚ ਕੀਤੇ ਜਾਣਗੇ ਰੋਸ ਮੁਜ਼ਾਹਰੇ
ਚੰਡੀਗੜ੍ਹ, 25 ਜੂਨ (ਸੱਤੀ) : ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ, ਮਜ਼ਦੂਰਾਂ ਦੇ ਸਮੁੱਚੇ ਕਰਜੇ ਅਤੇ ਬਿਜਲੀ ਬਿੱਲਾਂ ਦੇ ਖੜੇ ਬਕਾਏ ਖ਼ਤਮ ਕਰਨ, ਕੌ-ਅਪ ਸੁਸਾਇਟੀਆਂ 'ਚ ਬੇਜ਼ਮੀਨੇ ਮਜ਼ਦੂਰਾਂ ਦੇ ਬਿਨਾਂ ਸ਼ਰਤ ਹਿੱਸੇ ਪੁਆਉਣ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਤੇ ਮਕਾਨ ਉਸਾਰੀ ਲਈ ਗਰਾਂਟ ਦੇਣ, ਪੱਕੇ ਰੁਜ਼ਗਾਰ ਦੀ ਗਰੰਟੀ ਅਤੇ ਦਲਿਤਾਂ ਤੇ ਜਬਰ ਬੰਦ ਕਰਨ ਆਦਿ ਭਖਦੀਆਂ ਮੰਗਾਂ ਨੂੰ ਲੈ ਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ 9 ਅਗੱਸਤ ਤੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਤਿੰਨ ਰੋਜ਼ਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ |
ਇਹ ਫ਼ੈਸਲਾ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮਹੀਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ | ਇਹ ਜਾਣਕਾਰੀ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਤਰਫ਼ੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵਲੋਂ ਦਿਤੀ ਗਈ | ਉਨ੍ਹਾਂ ਦਸਿਆ ਕਿ ਪਟਿਆਲਾ ਮੋਰਚੇ ਤੋਂ ਪਹਿਲਾਂ 10 ਤੋਂ 14 ਜੁਲਾਈ ਤਕ ਜ਼ਿਲ੍ਹਾ ਪਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 15 ਤੋਂ 25 ਜੁਲਾਈ ਤਕ ਕਾਂਗਰਸ ਸਰਕਾਰ ਵਲੋਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਵਿਰੁਧ ਪਿੰਡ ਪਧਰੀ ਵਿਸ਼ਾਲ ਰੋਸ ਮੁਜ਼ਾਹਰੇ ਕਰ ਕੇ 27, 28 ਤੇ 29 ਜੁਲਾਈ ਨੂੰ ਹੁਕਮਰਾਨ ਕਾਂਗਰਸ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਇਕੱਠ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ |
ਮੀਟਿੰਗ ਦੀ ਸ਼ੁਰੂਆਤ ਪਿਛਲੇ ਸਮੇਂ ਦੌਰਾਨ ਵਿਛੜੇ ਸਾਥੀਆਂ ਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੀਤੀ ਗਈ | ਇਸ ਮੌਕੇ ਕੇਂਦਰ ਸਰਕਾਰ ਵਲੋਂ ਮਨਰੇਗਾ ਦੇ ਬਜਟ ਨੂੰ ਐਸ.ਸੀ./ਐਸ.ਟੀ. ਵਰਗਾਂ ਤੇ ਜਾਤਾਂ 'ਚ ਵੰਡਣ ਵਾਲੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਤੁਰਤ ਵਾਪਸ ਲੈਣ ਦਾ ਮਤਾ ਵੀ ਪਾਸ ਕੀਤਾ ਗਿਆ |
ਫੋਟੋ ਕੈਪਸਨ-- ਮੀਟਿੰਗ ਚ ਸਾਮਲ ਮਜਦੂਰ ਜਥੇਬੰਦੀਆਂ ਦੇ ਆਗੂ |