
ਰਾਸ਼ਟਰਪਤੀ ਚੋਣ: ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਵੇਗੀ ਬਸਪਾ : ਮਾਇਆਵਤੀ
ਲਖਨਊ, 25 ਜੂਨ : ਬਸਪਾ ਮੁਖੀ ਮਾਇਆਵਤੀ ਨੇ ਰਾਸ਼ਟਰਪਤੀ ਚੋਣ ਵਿਚ ਐਨਡੀਏ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਦਰੋਪਦੀ ਮੁਰਮੂ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਉਹ ਆਦਿਵਾਸੀ ਭਾਈਚਾਰੇ ਤੋਂ ਆਉਂਦੀ ਹੈ। ਇਸ ਦੇ ਨਾਲ ਹੀ ਮਾਇਆਵਤੀ ਨੇ ਵਿਰੋਧੀ ਧਿਰਾਂ ’ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਰਾਸ਼ਟਰਪਤੀ ਉਮੀਦਵਾਰ ਸਬੰਧੀ ਬਸਪਾ ਨਾਲ ਸਲਾਹ ਨਹੀਂ ਕੀਤੀ।
ਮਾਇਆਵਤੀ ਨੇ ਕਿਹਾ, “ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਾਬਕਾ ਕੇਂਦਰੀ ਮੰਤਰੀ ਸਰਦ ਪਵਾਰ ਨੇ ਰਾਸ਼ਟਰਪਤੀ ਉਮੀਦਵਾਰ ਦਾ ਫ਼ੈਸਲਾ ਕਰਨ ਲਈ ਆਯੋਜਤ ਬੈਠਕ ’ਚ ਬਸਪਾ ਨੂੰ ਸੱਦਾ ਨਹੀਂ ਦਿਤਾ ਸੀ।’’ ਉਨ੍ਹਾਂ ਕਿਹਾ ਕਿ ਬਸਪਾ ਹੀ ਇਕੋ ਇਕ ਰਾਸ਼ਟਰੀ ਪਾਰਟੀ ਹੈ, ਜਿਸ ਦੀ ਲੀਡਰਸ਼ਿਪ ਦਲਿਤਾਂ ਦੇ ਨਾਲ ਹੈ। ਅਸੀਂ ਭਾਜਪਾ ਜਾਂ ਕਾਂਗਰਸ ਦੇ ਮਗਰ ਚੱਲਣ ਵਾਲੀ ਪਾਰਟੀ ਨਹੀਂ ਹਾਂ, ਨਾ ਤਾਂ ਉਦਯੋਗਪਤੀਆਂ ਨਾਲ ਜੁੜੀ ਹੋਈ ਪਾਰਟੀ ਹਾਂ। ਅਸੀਂ ਮਜ਼ਲੂਮਾਂ ਦੇ ਹੱਕ ਵਿਚ ਫ਼ੈਸਲਾ ਕਰਦੇ ਹਾਂ। ਅਜਿਹੀ ਸਥਿਤੀ ਵਿਚ ਜੇਕਰ ਕੋਈ ਵੀ ਪਾਰਟੀ ਅਜਿਹੇ ਜਾਤਾਂ ਜਾਂ ਵਰਗ ਦੇ ਲੋਕਾਂ ਦੇ ਹੱਕ ਵਿਚ ਫ਼ੈਸਲਾ ਲੈਂਦੀ ਹੈ ਤਾਂ ਅਸੀਂ ਨਤੀਜੇ ਦੀ ਪਰਵਾਹ ਕੀਤੇ ਬਿਨ੍ਹਾਂ ਇਨ੍ਹਾਂ ਪਾਰਟੀਆਂ ਦਾ ਸਮਰਥਨ ਕਰਦੇ ਹਾਂ।
ਬਸਪਾ ਮੁਖੀ ਨੇ ਕਿਹਾ, “ਜਾਤੀਵਾਦੀ ਮਾਨਸਿਕਤਾ ਬਸਪਾ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਸੱਤਾ ’ਤੇ ਕਾਬਜ ਪਾਰਟੀਆਂ ਬਸਪਾ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਕਾਂਗਰਸ ਜਾਂ ਭਾਜਪਾ ਨਹੀਂ ਚਾਹੁੰਦੇ ਕਿ ਦੇਸ਼ ਵਿਚ ਸੰਵਿਧਾਨ ਸਹੀ ਅਰਥਾਂ ਵਿਚ ਲਾਗੂ ਹੋਵੇ। ਮਾਇਆਵਤੀ ਨੇ ਕਿਹਾ, “ਬੰਗਾਲ ਦੀ ਮੁੱਖ ਮੰਤਰੀ ਨੇ ਪਹਿਲੀ ਮੀਟਿੰਗ ਲਈ ਸਿਰਫ਼ ਕੱੁਝ ਚੁਣੀਆਂ ਪਾਰਟੀਆਂ ਨੂੰ ਬੁਲਾਇਆ ਅਤੇ ਸ਼ਰਦ ਪਵਾਰ ਨੇ ਵੀ ਬਸਪਾ ਨੂੰ ਚਰਚਾ ਲਈ ਨਹੀਂ ਬੁਲਾਇਆ। ਵਿਰੋਧੀ ਧਿਰ ਨੇ ਸਿਰਫ਼ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦਿਖਾਵਾ ਕੀਤਾ। ਵਿਰੋਧੀ ਧਿਰ ਅਪਣੀ ਜਾਤੀਵਾਦ ਨਾਲ ਜਾਰੀ ਹੈ। ਬਸਪਾ ਦੇ ਖ਼ਿਲਾਫ਼ ਮਾਨਸਿਕਤਾ ਹੈ ਅਤੇ ਇਸ ਲਈ ਅਸੀਂ ਰਾਸ਼ਟਰਪਤੀ ਚੋਣ ’ਤੇ ਫ਼ੈਸਲਾ ਲੈਣ ਲਈ ਆਜ਼ਾਦ ਹਾਂ। ਸਾਡੀ ਪਾਰਟੀ ਨੇ ਆਦੀਵਾਸੀ ਭਾਈਚਾਰੇ ਨੂੰ ਸਾਡੇ ਅੰਦੋਲਨ ਦੇ ਇਕ ਪ੍ਰਮੁੱਖ ਹਿੱਸੇ ਵਜੋਂ ਪਛਾਣਿਆ ਹੈ ਅਤੇ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਜਪਾ ਜਾਂ ਵਿਰੋਧੀ ਧਿਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। (ਏਜੰਸੀ)