
ਸਿਹਤ ਵਿਭਾਗ ਵਲੋਂ ਫ਼ਾਊਂਡੇਸ਼ਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਨਾਲ ਸਮਝੌਤਾ ਸਹੀਬੱਧ
ਚੰਡੀਗੜ੍ਹ : ਦੇਸ਼ ਦਾ ਮੋਹਰੀ ਸੂਬਾ ਬਣਦਿਆਂ ਪੰਜਾਬ ਸਰਕਾਰ ਵਲੋਂ ਅੱਜ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸੂਬਾ ਸਰਕਾਰ ਹੈਪੇਟਾਈਟਸ ਸੀ ਦੇ ਟੈਸਟਾਂ ਦੀ ਉਸ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ ਨੂੰ 881 ਰੁਪਏ ਦੇਣੇ ਪੈ ਰਹੇ ਸਨ। ਇਸ ਸਬੰਧੀ ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਹੈਪੇਟਾਈਟਸ ਸੀ ਦੀ ਮੌਜੂਦਾ ਸਥਿਤੀ ਦੀ ਜਾਂਚ ਲਈ ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਕੀਤੀ ਗਈ ਪ੍ਰੀ-ਕਾਨਫ਼ਰੰਸ ਦੌਰਾਨ ਦਿਤੀ ਤਾਂ ਜੋ ਇਸ ਵਧੇਰੇ ਸੰਕਰਮਣ ਬਿਮਾਰੀ ਦੇ ਖ਼ਾਤਮੇ ਲਈ ਰੋਕਥਾਮ ਤੇ ਸੰਭਾਲ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ।
Punjab launches dedicated programme to identify & treat Hepatitis C cases
ਸਿਹਤ ਵਿਭਾਗ ਨੇ ਫਾਊਂਡੇਸ਼ਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਨਾਲ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਸਮਝੌਤਾ ਸਹੀਬੱਧ ਕੀਤਾ। ਸਿੱਧੂ ਨੇ ਦਸਿਆ ਕਿ ਪੰਜਾਬ ਸਰਕਾਰ ਅਗਸਤ 2019 ਦੌਰਾਨ 9 ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਟੈਸਟ ਕਰਨ ਦੀ ਪ੍ਰਕਿਰਿਆ ਆਰੰਭ ਰਹੀ ਹੈ। ਇਸ ਤੋਂ ਇਲਾਵਾ ਹੈਪੇਟਾਈਟਸ ਸੀ ਦੀ ਟੈਸਟਿੰਗ ਤੇ ਮੈਨੇਜਮੈਂਟ ਲਈ ਬਾਕੀ ਜੇਲਾਂ ਨੂੰ ਵੀ ਇਹਨਾਂ 9 ਕੇਂਦਰੀ ਜੇਲਾਂ ਨਾਲ ਜੋੜ ਕੇ ਇਸ ਪ੍ਰਕਿਰਿਆ ਨੂੰ ਪੜਾਅਵਾਰ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਸੂਬੇ ਵਿਚ ਹੈਪੇਟਾਈਟਸ ਸੀ ਦੀ ਇਲਾਜ ਦਰ 'ਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਦਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਦੇ ਅਣਥੱਕ ਯਤਨਾਂ ਨਾਲ ਹੈਪੇਟਾਈਟਸ ਸੀ 67,000 ਤੋਂ ਵੱਧ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।
Punjab launches dedicated programme to identify & treat Hepatitis C cases
ਉਹਨਾਂ ਕਿਹਾ ਕਿ ਹੈਪੇਟਾਈਟਸ ਸੀ ਦੇ ਇਹਨਾਂ ਮਾਮਲਿਆਂ ਦੀ ਇਲਾਜ ਦੁਆਰਾ ਠੀਕ ਹੋਣ ਦੀ ਦਰ ਤਕਰੀਬਨ 93 ਫ਼ੀਸਦ ਹੈ ਅਤੇ ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਲਈ ਮਾਡਲ ਸੂਬੇ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਅਜੇ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੈ ਜਿਥੇ ਕਿ ਹੋਰਨਾਂ ਜ਼ਿਲ੍ਹਿਆਂ ਨਾਲੋਂ ਹੈਪੇਟਾਈਟਸ ਸੀ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹੈਪੇਟਾਈਟਸ ਸੀ ਦੇ ਟੈਸਟਾਂ ਦੀ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ ਨੂੰ 881 ਰੁਪਏ ਦੇਣੇ ਪੈ ਰਹੇ ਸਨ। ਇਸ ਦੇ ਨਾਲ ਹੀ ਹੈਪੇਟਾਈਟਸ ਸੀ ਦੇ ਇਲਾਜ ਲਈ ਦਵਾਈਆਂ ਇਹਨਾਂ ਹਸਪਤਾਲਾਂ ਵਿਚ ਪਹਿਲਾਂ ਹੀ ਮਰੀਜਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ।
Jail
ਹੈਪੇਟਾਈਟਸ ਸੀ ਦੇ ਕੰਟਰੋਲ ਲਈ ਅਧਿਕਾਰੀਆਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਵਧਾਈ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿਚ ਕੰਮ ਕਰਦੇ ਮੈਡੀਕਲ ਸਪੈਸ਼ਲਿਸਟਾਂ, ਜ਼ਿਲ੍ਹਾ ਐਪੀਡੈਮਿਓਲੋਜਿਸਟ ਅਤੇ ਉਹਨਾਂ ਦੀਆਂ ਟੀਮਾਂ, ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਟਾਫ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਆਈ.ਡੀ.ਐਸ.ਪੀ ਦੀ ਸਟੇਟ ਟੀਮ ਦੇ ਅਣਥੱਕ ਯਤਨਾਂ ਲਈ ਉਹਨਾਂ ਦੀ ਸ਼ਲਾਘਾ ਕਰਦੇ ਹਨ।
Punjab launches dedicated programme to identify & treat Hepatitis C cases
ਇਸ ਮੌਕੇ ਅਨੁਰਾਗ ਅਗਰਵਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਕਿਹਾ ਕਿ ਫਾਊਂਡੇਸ਼ਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਦੇ ਸਹਿਯੋਗ ਨਾਲ ਸਿਹਤ ਵਿਭਾਗ ਨੇ ਹੈਪੇਟਾਈਟਸ ਸੀ ਲਈ 18000 ਤੋਂ ਵੱਧ ਐਚ.ਆਈ.ਵੀ. ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ, ਐਕਟੈਂਸ਼ਨ ਆਫ ਹੈਲਥ ਕੇਅਰ ਆਊਟਕਮ ਅਤੇ ਪੀ.ਜੀ.ਆਈ ਹੈਪੇਟਾਈਟਸ ਸੀ ਸਬੰਧੀ ਜਾਣਕਾਰੀ ਦੇ ਪ੍ਰਸਾਰ ਲਈ ਸਿਹਤ ਵਿਭਾਗ ਦਾ ਸਹਿਯੋਗ ਦੇ ਰਹੀ ਹੈ। ਅਨੁਰਾਗ ਅਗਰਵਾਲ ਨੇ ਦਸਿਆ ਕਿ ਪੀ.ਜੀ.ਆਈ ਦੇ ਸਹਿਯੋਗ ਨਾਲ ਨਸ਼ਾ ਛਡਾਊ ਕੇਂਦਰਾਂ ਵਿਚ ਆਈ.ਵੀ.ਡੀ.ਯੂਜ਼ (ਇਨਟਰਾਵੇਨਸ ਡਰੱਗ ਯੂਜਰਜ਼) ਦਰਮਿਆਨ ਹੈਪੇਟਾਈਟਸ ਸੀ ਦੀ ਸਕਰੀਨਿੰਗ ਅਤੇ ਟੈਸਟਿੰਗ ਲਈ ਇਕ ਵਿਸ਼ੇਸ਼ ਪ੍ਰੋਗਰਾਮ ਵੀ ਲਾਂਚ ਕੀਤਾ ਜਾਵੇਗਾ।