
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਤੇ ਜੰਮੂ ਕਸ਼ਮੀਰ ਦੇ ਮੁਖੀ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਐਸ.ਏ.ਐਸ. ਨਗਰ ਵਿਖੇ............
ਐਸ.ਏ.ਐਸ. ਨਗਰ : ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਤੇ ਜੰਮੂ ਕਸ਼ਮੀਰ ਦੇ ਮੁਖੀ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਐਸ.ਏ.ਐਸ. ਨਗਰ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਮੰਗ ਕੀਤੀ ਹੈ ਕਿ ਮਾਲੇਰਕੋਟਲਾ ਵਿਚ ਹੋਈ ਪਵਿੱਤਰ ਕੁਰਾਨ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਅਤੇ ਇਸ ਪਿਛੇ ਲੁਕੇ ਤੱਥਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਜੇਕਰ ਸੀ.ਬੀ.ਆਈ. ਵਲੋਂ ਜਾਂਚ ਕੀਤੀ ਜਾਵੇ ਤਾਂ ਇਸ ਵਿਚ ਅਰਵਿੰਦ ਕੇਜਰੀਵਾਲ ਦਾ ਹੱਥ ਸਾਹਮਣੇ ਆਵੇਗਾ।
ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀ ਜਾਂਚ ਕਰ ਰਹੇ ਪੰਜਾਬ ਸਰਕਾਰ ਵਲੋਂ ਗਠਤ ਕਮਿਸ਼ਨ ਦੇ ਜਸਟਿਸ ਰਣਜੀਤ ਸਿੰਘ ਸਾਡੇ ਪੰਜਾਬ ਦੇ ਪਿਆਰ ਅਤੇ ਆਪਸੀ ਭਾਈਚਾਰੇ ਦੀ ਸਾਂਝ ਦੀ ਅਣਦੇਖੀ ਕਰ ਗਏ ਹਨ। ਉਹ ਹਾਅ ਦੇ ਨਾਹਰੇ ਵਾਲੇ ਸਥਾਨ ਵਿਖੇ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੋੜ ਕੇ ਬਿਲਕੁਲ ਗ਼ਲਤ ਰੀਪੋਰਟ ਬਣਾ ਰਹੇ ਹਨ ਜੋ ਕਿ ਬਿਲਕੁਲ ਤੱਥਾਂ ਅਤੇ ਸੱਚਾਈ ਦੇ ਆਧਾਰ 'ਤੇ ਨਹੀਂ ਹੈ।
ਗਰੇਵਾਲ ਨੇ ਕਿਹਾ ਕਿ ਉਹ ਭਾਜਪਾ ਵਿਚ ਕੰਮ ਕਰਦੇ ਹਨ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਬਾਰੇ ਪੂਰੀ ਜਾਣਕਾਰੀ ਰਖਦੇ ਹਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਜ਼ੁਬਾਨੀ ਜਾਣਕਾਰੀਆਂ ਜਾਂ ਗੱਲਾਂ ਬਜਾਏ ਤੱਥਾਂ ਦੇ ਆਧਾਰ 'ਤੇ ਸੱਚ ਦਾ ਪ੍ਰਗਟਾਵਾ ਕਰਨ। ਉੁਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਅਪਣੀ ਰੀਪੋਰਟ ਜਾਣਕਾਰੀ ਦੇ ਆਧਾਰ 'ਤੇ ਬਣਾਈ ਹੈ। ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਭਗਵਤ ਗੀਤਾ ਅਤੇ ਹੋਰ ਧਾਰਮਕ ਗ੍ਰੰਥਾਂ ਦੀ ਬੇਅਦਬੀ, ਬਹਿਬਲ ਕਾਂਡ ਬਾਰੇ ਰੀਪੋਰਟਾਂ ਜਾਣਕਾਰੀ ਦੇ ਆਧਾਰ 'ਤੇ ਨਹੀਂ ਸਗੋਂ ਤੱਥਾਂ ਦੇ ਆਧਾਰ 'ਤੇ ਬਣਦੀ ਚਾਹੀਦੀ ਹੈ।
ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਨੂੰ ਰੱਦ ਕੀਤਾ ਜਾਵੇ। ਉੁਨ੍ਹਾਂ ਕਿਹਾ ਸੀ.ਬੀ.ਆਈ. ਦੀ ਜਾਂਚ ਸਪੱਸ਼ਟ ਕਰੇਗੀ ਕਿ ਸੱਚ ਕੀ ਹੈ। ਉੁਨ੍ਹਾਂ ਇਸ ਮੌਕੇ ਕਿਹਾ ਕਿ ਉਹ ਪੰਜਾਬ ਵਾਸੀਆਂ ਨੂੰ ਯਕੀਨ ਦੁਆਉੁਂਦੇ ਹਨ ਕਿ ਬੇਅਦਬੀ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਵੇਗੀ ਅਤੇ ਸੱਚ ਲੋਕਾਂ ਦੇ ਸਾਹਮਣੇ ਆਵੇਗਾ।