
ਬੇਅਦਬੀ ਕਾਂਡ ਦੇ ਰੋਸ ਵਜੋਂ ਸ਼ਾਂਤਮਈ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ 'ਤੇ ਕੋਟਕਪੂਰਾ ਪੁਲਿਸ ਵੱਲੋਂ 14 ਅਕਤੂਬਰ 2015 ਨੂੰ ਚਲਾਈ ਗੋਲੀ ਦੇ ਮਾਮਲੇ 'ਚ ਪੁਲਿਸ ਨੇ
ਕੋਟਕਪੂਰਾ, 13 ਅਗਸਤ (ਗੁਰਿੰਦਰ ਸਿੰਘ): ਬੇਅਦਬੀ ਕਾਂਡ ਦੇ ਰੋਸ ਵਜੋਂ ਸ਼ਾਂਤਮਈ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ 'ਤੇ ਕੋਟਕਪੂਰਾ ਪੁਲਿਸ ਵੱਲੋਂ 14 ਅਕਤੂਬਰ 2015 ਨੂੰ ਚਲਾਈ ਗੋਲੀ ਦੇ ਮਾਮਲੇ 'ਚ ਪੁਲਿਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਲੱਭਤਾਂ ਨੂੰ ਸਵੀਕਾਰ ਕਰ ਲਿਆ ਹੈ।
ਇਕ ਅੰਗਰੇਜੀ ਅਖਬਾਰ 'ਚ ਸੁਰਖੀ ਬਣੀ ਇਕ ਖਬਰ ਦੇ ਹਵਾਲੇ ਨਾਲ ਅੱਜ ਸਾਰਾ ਦਿਨ ਇਹੀ ਚਰਚਾ ਚੱਲਦੀ ਰਹੀ ਤੇ ਪਤਾ ਲੱਗਾ ਹੈ ਕਿ ਫਿਰੋਜਪੁਰ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਲਾ ਫਰੀਦਕੋਟ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇਸ ਮਾਮਲੇ 'ਚ ਮੀਟਿੰਗ ਵੀ ਕੀਤੀ ਗਈ ਪਰ ਕੋਈ ਪੁਲਿਸ
ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ। ਉਕਤ ਗੋਲੀਕਾਂਡ ਦੇ ਮਾਮਲੇ 'ਚ ਫਾਈਲ ਆਈਜੀ ਫਿਰੋਜਪੁਰ ਰੇਂਜ ਨੂੰ ਭੇਜੀ ਗਈ ਹੈ।
ਹੁਣ ਸੀਬੀਆਈ ਵੱਲੋਂ ਤਤਕਾਲੀਨ ਮੁੱਖ ਮੰਤਰੀ ਪੰਜਾਬ, ਇੱਥੋਂ ਦੇ ਸਾਬਕਾ ਅਕਾਲੀ ਵਿਧਾਇਕ, ਇਕ ਆਈਏਐਸ, ਦੋ ਆਈਪੀਐਸ ਅਫਸਰਾਂ, ਐਸਡੀਐਮ ਫਰੀਦਕੋਟ, ਐਸਡੀਐਮ ਕੋਟਕਪੂਰਾ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਭਰੋਸੇਯੋਗ ਸੂਤਰਾਂ ਅਨੁਸਾਰ ਗ੍ਰਹਿ ਵਿਭਾਗ ਨੇ ਪੁਲਿਸ ਨੂੰ ਗੋਲੀਕਾਂਡ 'ਚ ਸਖਤ ਜਖਮੀ ਹੋਣ ਵਾਲੇ ਅਜੀਤ ਸਿੰਘ ਵਾਸੀ ਪਿੰਡ ਛੰਨਾ ਗੁਲਾਬ ਸਿੰਘ ਵਾਲਾ (ਬਰਨਾਲਾ) ਦੀ ਸ਼ਿਕਾਇਤ 'ਤੇ ਸਥਾਨਕ ਸਿਟੀ ਥਾਣੇ ਵਿਖੇ ਤਾਜੀ ਐਫਆਈਆਰ ਦਰਜ ਕਰਨ ਦਾ
ਹੁਕਮ ਦਿੱਤਾ ਸੀ ਤੇ ਪਿਛਲੇ ਹਫਤੇ ਸਥਾਨਕ ਸਿਟੀ ਥਾਣੇ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦੀਆਂ ਧਰਾਵਾਂ ਸਮੇਤ ਮਾਮਲਾ ਦਰਜ ਕੀਤਾ ਗਿਆ ਸੀ। ਸੰਪਰਕ ਕਰਨ 'ਤੇ ਰਾਜਬਚਨ ਸਿੰਘ ਸੰਧੂ ਜਿਲਾ ਪੁਲਿਸ ਮੁਖੀ ਫਰੀਦਕੋਟ ਨੇ ਮੰਨਿਆ ਕਿ ਅੰਗਰੇਜੀ ਅਖਬਾਰ ਦੀ ਖਬਰ ਨੇ ਭੰਬਲਭੂਸਾ ਖੜਾ ਕਰ ਦਿੱਤਾ ਹੈ ਪਰ ਉਸ ਵਿੱਚ ਸੱਚਾਈ ਕੋਈ ਨਹੀਂ, ਕਿਉਂਕਿ ਬੇਅਦਬੀ ਕਾਂਡ ਦੇ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਤੇ ਅਗਲੇ ਪ੍ਰਗਟਾਵੇ ਹੁਣ ਸੀਬੀਆਈ ਵੱਲੋਂ ਕੀਤੇ ਜਾਣਗੇ।