
ਕਿਹਾ, ਪੱਤਰ ਪਾਰਟੀ ਦੀ ਮਜ਼ਬੂਤੀ ਲਈ ਸੁਝਾਵਾਂ ਵਾਲਾ ਹੀ ਸੀ ਜਿਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ
ਚੰਡੀਗੜ੍ਹ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਪਿਛਲੇ ਦਿਨੀਂ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ 23 ਮੁੱਖ ਆਗੂਆਂ ਵਲੋਂ ਪੱਤਰ ਬਾਰੇ ਕਿਹਾ ਕਿ ਇਸ ਨੂੰ ਤੱਥਾਂ ਦੇ ਉਲਟ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
Sonia Gandhi, Rahul Gandhi, Manmohan Singh
ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਿਚ ਗਾਂਧੀ ਪ੍ਰਵਾਰ ਦਾ ਕਿਤੇ ਵੀ ਵਿਰੋਧ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਸੋਨੀਆ ਜਾਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਹੀ ਕੋਈ ਚੁਨੌਤੀ ਦਿਤੀ ਗਈ ਸੀ। ਉਨ੍ਹਾਂ ਕਾ ਕਿ ਇਸ ਪੱਤਰ ਬਾਰੇ ਕਾਂਗਰਸ ਦੇ ਕੁੱਝ ਆਗੂ ਹਾਲੇ ਵੀ ਗ਼ਲਤ ਸਵਾਲ ਉਠਾ ਰਹੇ ਹਨ ਜਦਕਿ ਇਸ ਪੱਤਰ ਦਾ ਮਕਸਦ ਸਿਰਫ਼ ਦੇਸ਼ ਵਿਚ ਮੋਦੀ ਸਰਕਾਰ ਦੇ ਚਲਦੇ ਦਰਪੇਸ਼ ਵੱਡੀਆਂ ਚੁਨੌਤੀਆਂ ਦੇ ਮੱਦੇਨਜ਼ਰ ਪਾਰਟੀ ਨੂੰ ਭਵਿੱਖ ਵਿਚ ਮਜ਼ਬੂਤ ਕਰਨ ਦੇ ਸੁਝਾਅ ਦੇਣਾ ਹੀ ਸੀ।
Rajinder Kaur Bhattal,
ਉਨ੍ਹਾਂ ਕਿਹਾ ਕਿ ਮੇਰੀ ਗਾਂਧੀ ਪ੍ਰਵਾਰ ਪ੍ਰਤੀ ਵਫ਼ਾਦਾਰੀ ਕਿਸੇ ਤੋਂ ਛਿਪੀ ਨਹੀਂ ਤੇ ਸਵਰਗੀ ਇੰਦਰਾ ਗਾਂਧੀ ਸਮੇਂ ਮੈਂ ਪ੍ਰਵਾਰ ਸਮੇਤ ਉਨ੍ਹਾਂ ਨਾਲ ਜੇਲ ਕੱਟੀ ਹੈ। ਇਸ ਕਰ ਕੇ ਸੋਨੀਆ ਗਾਂਧੀ ਦੀ ਲੀਡਰਸ਼ਿਪ ਨੂੰ ਚੁਨੌਤੀ ਦਾ ਤਾਂ ਸਵਾਲ ਹੀ ਨਹੀਂ।
Rahul Gandhi
ਉਨ੍ਹਾਂ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨਗੀ ਸੰਭਾਲਣ ਤੋਂ ਇਨਕਾਰ ਕਰ ਰਹੇ ਸਨ ਤੇ ਸੋਨੀਆ ਗਾਂਧੀ ਅਪਣਾ ਕਾਰਜਕਾਰੀ ਪ੍ਰਧਾਨ ਦਾ ਸਮਾਂ ਪੂਰਾ ਹੋਣ 'ਤੇ ਹੋਰ ਪ੍ਰਧਾਨ ਬਣਾਉਣ ਦਾ ਵਿਚਾਰ ਰੱਖ ਰਹੇ ਸਨ। ਇਸੇ ਕਰ ਕੇ ਸਾਨੂੰ ਡਰ ਸੀ ਅਤੇ ਇਸ ਕਰ ਕੇ ਸੋਨੀਆ ਗਾਂਧੀ ਦੀ ਰਹਿਨੁਮਾਈ ਵਿਚ ਹੀ ਪਾਰਟੀ ਦੀ ਅਗਵਾਈ ਲਈ ਮਜ਼ਬੂਤ ਆਗੂ ਗਰੁਪ ਕਾਇਮ ਕਰਨ ਤੇ ਪਾਰਟੀ ਨੂੰ ਹੇਠਲੇ ਪੱਧਰ ਤਕ ਨਵਾਂ ਰੂਪ ਦੇਣ ਦੇ ਇਰਾਦੇ ਨਾਲ ਹੀ ਪੱਤਰ ਲਿਖਿਆ ਗਿਆ ਸੀ।
Rajinder Kaur Bhattal,
ਭੱਠਲ ਨੇ ਇਹ ਵੀ ਸਾਫ਼ ਕਰ ਦਿਤਾ ਕਿ ਉਹ ਕਾਂਗਰਸ ਵਿਚ ਹੀ ਜਨਮੇ ਹਨ ਤੇ ਆਖ਼ਰੀ ਸਾਹ ਵੀ ਕਾਂਗਰਸ ਵਿਚ ਹੀ ਲੈਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਦੇਸ਼ ਨੂੰ ਇਕਜੁਟ ਰੱਖ ਕੇ ਫ਼ਿਰਕੂ ਤੇ ਵੰਡ ਪਾਊ ਸ਼ਕਤੀਆਂ ਵਿਰੁਧ ਲੜਾਈ ਦੇ ਸਕਦੀ ਹੈ, ਜੋ ਸਮੇਂ ਦੀ ਲੋੜ ਵੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।