
ਕਰੋਨਾ ਟੈਸਟ ਅਤੇ ਇਲਾਜ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ
ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵਲੋਂ ਵੀ ਇਹਤਿਆਤੀ ਕਦਮ ਚੁਕੇ ਜਾ ਰਹੇ ਹਨ। ਸੂਬੇ ਅੰਦਰ ਵੀਕਐਂਡ 'ਤੇ ਦੋ ਦਿਨ ਲਈ ਬਾਜ਼ਾਰ ਬੰਦ ਕਰਨ ਦੇ ਨਾਲ-ਨਾਲ ਜਨਤਕ ਇਕੱਠਾ 'ਤੇ ਪਾਬੰਦੀ ਲਾ ਦਿਤੀ ਗਈ ਹੈ। ਇਸੇ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਨ ਦੇ ਮਕਸਦ ਨਾਲ ਟੈਸਟਾਂ ਦੀ ਗਿਣਤੀ ਨੂੰ ਵਧਾਇਆ ਗਿਆ ਹੈ। ਇਸੇ ਦੌਰਾਨ ਕਰੋਨਾ ਟੈਸਟਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ।
Corona Test
ਲੋਕ ਟੈਸਟ ਦੇ ਨਾਮ ਤੋਂ ਵੀ ਘਬਰਾਉਣ ਲੱਗੇ ਹਨ। ਪਿੰਡਾਂ ਵਿਚ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਫਲਾਣੇ ਥਾਂ ਚੰਗੇ-ਭਲੇ ਬੰਦੇ ਨੂੰ ਕਰੋਨਾ ਟੈਸਟ ਲਈ ਲੈ ਕੇ ਗਏ ਸਨ, ਪਰ ਦੂਜੇ ਦਿਨ ਹੀ ਡੈਡ-ਬਾਡੀ ਘਰ ਪਰਤੀ ਹੈ। ਇਸੇ ਤਰ੍ਹਾਂ ਮਰਨ ਵਾਲਿਆਂ ਦੇ ਸਰੀਰਕ ਅੰਗਾਂ ਦੇ ਕੱਢੇ ਜਾਣ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ। ਇਸੇ ਕਾਰਨ ਲੋਕ ਖੰਘ, ਜੁਕਾਮ ਅਤੇ ਬੁਖਾਰ ਆਦਿ ਹੋਣ ਦੀ ਸੂਰਤ 'ਚ ਹੁਣ ਸਰਕਾਰੀ ਹਸਪਤਾਲ ਜਾਣ ਦੀ ਥਾਂ ਪਿੰਡਾਂ ਦੇ ਝੋਲਾ ਛਾਪ ਡਾਕਟਰਾਂ ਤੋਂ ਇਲਾਜ ਕਰਵਾਉਣਾ ਜ਼ਿਆਦਾ ਬਿਹਤਰ ਸਮਝਦੇ ਹਨ।
Corona Test
ਲੋਕਾਂ ਅੰਦਰ ਕਰੋਨਾ ਦੇ ਇਲਾਜ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਹਨ। ਇਹੀ ਕਾਰਨ ਹੈ ਕਿ ਸਿਹਤ ਵਿਭਾਗ ਵਲੋਂ ਪਿੰਡਾਂ 'ਚ ਕਰੋਨਾ ਟੈਸਟ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਨੂੰ ਵੀ ਲੋਕਾਂ ਦਾ ਹੁੰਗਾਰਾ ਨਹੀਂ ਮਿਲ ਰਿਹਾ। ਅਜਿਹਾ ਹੀ ਮਾਮਲਾ ਨਵਾਂ ਸ਼ਹਿਰ ਵਿਖੇ ਵੀ ਸਾਹਮਣੇ ਆਇਆ ਹੈ, ਜਿੱਥੇ ਸਿਹਤ ਵਿਭਾਗ ਦੀ ਟੀਮ ਨੂੰ ਵੇਖ ਕੇ ਲੋਕ ਘਰਾਂ ਨੂੰ ਜਿੰਦਰੇ ਮਾਰ ਕੇ ਖਿਸਕ ਗਏ। ਬਾਅਦ 'ਚ ਹੈਲਥ ਸੁਪਰਵਾਈਜ਼ਰ ਵਲੋਂ ਮੁਹੱਲੇ ਨੂੰ ਸੀਲ ਕਰਨ ਦੀ ਚਿਤਾਵਨੀ ਦੇਣ ਬਾਅਦ 50 ਦੇ ਕਰੀਬ ਲੋਕ ਟੈਸਟ ਕਰਵਾਉਣ ਲਈ ਪਹੁੰਚੇ।
corona test
ਖ਼ਬਰਾਂ ਮੁਤਾਬਕ ਸਿਹਤ ਵਿਭਾਗ ਦੀ ਟੀਮ ਜਦੋਂ ਨਵਾਂ ਸ਼ਹਿਰ ਦੇ ਮੁਹੱਲਾ ਇਬਰਾਹੀਮ ਬਸਤੀ 'ਚ ਕਰੋਨਾ ਟੈਸਟ ਲਈ ਸੈਂਪਲ ਲੈਣ ਪਹੁੰਚੀ ਤਾਂ 15-20 ਘਰਾਂ ਦੇ ਲੋਕ ਘਰਾਂ ਨੂੰ ਜ਼ਿੰਦਰੇ ਮਾਰ ਕੇ ਮੌਕੇ ਤੋਂ ਇਧਰ-ਓਧਰ ਹੋ ਚੁੱਕੇ ਸਨ। ਸਿਹਤ ਵਿਭਾਗ ਦੀ ਟੀਮ ਮੁਤਾਬਕ ਉਨ੍ਹਾਂ ਨੇ ਲੋਕਾਂ ਨੂੰ ਟੈਸਟ ਕਰਨ ਆਉਣ ਸਬੰਧੀ ਪਹਿਲਾਂ ਹੀ ਸੂਚਿਤ ਕਰ ਦਿਤਾ ਸੀ, ਜਿਸ ਤੋਂ ਬਾਅਦ ਉਹ ਟੀਮ ਦੀ ਆਮਦ ਤੋਂ ਪਹਿਲਾਂ ਹੀ ਘਰਾਂ ਨੂੰ ਜਿੰਦਰੇ ਮਾਰ ਕੇ ਚਲੇ ਗਏ ਸਨ।
Corona virus
ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਦੇ ਸ਼ੰਕੇ ਦੂਰ ਕਰਦਿਆਂ ਕਿਹਾ ਕਿ ਕਰੋਨਾ ਟੈਸਟ ਸਬੰਧੀ ਫੈਲ ਰਹੀਆਂ ਸਾਰੀਆਂ ਅਫ਼ਵਾਹਾਂ ਨਿਰਾਅਧਾਰ ਅਤੇ ਗ਼ਲਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਅਪਣੇ ਟੈਸਟ ਕਰਵਾਉਣ ਤਾਂ ਜੋ ਸਮਾਂ ਰਹਿੰਦੇ ਇਸ ਦੀ ਲਾਗ ਦਾ ਪਤਾ ਲੱਗ ਸਕੇ ਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਾਕੀ ਸਾਵਧਾਨੀਆਂ ਦੇ ਨਾਲ-ਨਾਲ ਇਸ ਦੇ ਟੈਸਟ ਕਰਵਾਉਣੇ ਵੀ ਜ਼ਰੂਰੀ ਹਨ ਤਾਂ ਜੋ ਮਹਾਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।