
ਹਿਜ਼ਬੁਲ ਮੁਖੀ ਸਲਾਹੂਦੀਨ, ਹੋਰਾਂ ਵਿਰੁਧ ਦੋਸ਼ ਪੱਤਰ ਦਾਖ਼ਲ
ਪੁਲਵਾਮਾ ਅਤਿਵਾਦੀ ਹਮਲੇ ਵਿਚ ਵੀ ਦੋਸ਼ ਪੱਤਰ ਦਾਖ਼ਲ
ਨਵੀ ਦਿੱਲੀ, 25 ਅਗੱਸਤ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਜੰਮੂ ਕਸ਼ਮੀਰ ਵਿਚ ਅਤਿਵਾਦੀ ਗਤੀਵਿਧੀਆਂ ਲਈ ਫ਼ੰਡ ਦੇਣ ਲਈ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿਚ ਪਾਕਿਸਤਾਨ ਦੀ ਹਿਜ਼ਬੁਲ ਮੁਜਾਹਿਦੀਨ ਜਥੇਬੰਦੀ ਦੇ ਮੁਖੀ ਸਇਅਦ ਸਲਾਹੂਦੀਨ ਅਤੇ 11 ਹੋਰਾਂ ਵਿਰੁਧ ਦਿੱਲੀ ਦੀ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ।
ਮੁਦਈ ਧਿਰ ਦੀ ਸ਼ਿਕਾਇਤ ਵਿਚ ਅਦਾਲਤ ਨੂੰ ਬੇਨਤੀ ਕੀਤੀ ਗਹੀ ਕਿ ਇਸ ਮਾਮਲੇ ਵਿਚ ਸਜ਼ਾ ਤੋਂ ਇਲਾਵਾ 1.22 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਜਾਵੇ। ਅਜਿਹੀ ਸ਼ਿਕਾਇਤ ਈਡੀ ਦੇ ਦੋਸ਼ ਪੱਤਰ ਦੇ ਬਰਾਬਰ ਹੁੰਦੀ ਹੈ। ਅਦਾਲਤ ਦੁਆਰਾ ਛੇਤੀ ਹੀ ਇਸ ਮਾਮਲੇ ਵਿਚ ਸੁਣਾਈ ਕਰਨ ਦੀ ਸੰਭਾਵਨਾ ਹੈ। ਕੇਂਦਰੀ ਜਾਂਚ ਏਜੰਸੀ ਨੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਰਵਾਈ ਅਤੇ ਵੱਖ ਵੱਖ ਧਾਰਾਵਾਂ ਤਹਿਤ ਸਲਾਹੂਦੀਨ ਅਤੇ ਹੋਰਾਂ ਵਿਰੁਧ ਕੌਮੀ ਜਾਂਚ ਏਜੰਸੀ ਦੇ ਦੋਸ਼ ਪੱਤਰ ਦਾ ਨੋਟਿਸ ਲੈਂਣ ਮਗਰੋਂ ਇਸ ਮਾਮਲੇ ਵਿਚ ਕਾਲੇ ਧਨ ਦਾ ਮਾਮਲਾ ਦਰਜ ਕੀਤਾ ਸੀ।
ਇਸੇ ਦੌਰਾਨ ਕੌਮੀ ਜਾਂਚ ਏਜੰਸੀ ਨੇ ਪੁਲਵਾਮਾ ਅਤਿਵਾਦੀ ਹਮਲੇ ਦੀ ਸਾਜ਼ਸ਼ ਰਚਣ ਅਤੇ ਉਸ ਨੂੰ ਸਿਰੇ ਚਾੜ੍ਹਨ ਦੇ ਮਾਮਲੇ ਵਿਚ ਸਥਾਨਕ ਅਦਾਲਤ ਵਿਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਸਣੇ 19 ਜਣਿਆਂ ਵਿਰੁਧ ਦੋਸ਼ ਪੱਤਰ ਦਾਖ਼ਲ ਕੀਤਾ। ਪਿਛਲੇ ਸਾਲ ਦਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਐਨਆਈਏ ਦੇ ਸੰਯੁਕਤ ਨਿਰਦੇਸ਼ਕ ਅਨਿਲ ਸ਼ੁਕਲਾ ਨੇ ਸ਼ਕਤੀਸ਼ਾਲੀ ਬੈਟਰੀਆਂ, ਫ਼ੋਨ ਅਤੇ ਕੈਮੀਕਲ ਖ਼ਰੀਦਣ ਲਈ ਅਤਿਵਾਦੀ ਮਾਡਿਊਲ ਦੇ ਸਾਜ਼ਿਸ਼ੀਆਂ ਦੁਆਰਾ ਈ ਕਾਮਰਸ ਪਲੇਟਫ਼ਾਰਮਾਂ ਦੀ ਵਰਤੋਂ ਕੀਤੇ ਜਾਣ ਦੀ ਵੀ ਗੱਲ ਕਹੀ ਹੈ। ਇਸ ਮਾਮਲੇ ਵਿਚ ਹੁਣ ਤਕ imageਸੱਤ ਜਣਿਆਂ ਦੀ ਗ੍ਰਿਫਤਾਰੀ ਹੋ ਚੁਕੀ ਹੈ। ਦੋਸ਼ ਪੱਤਰ ਵਿਚ ਮਸੂਦ ਦੇ ਦੋ ਰਿਸ਼ਤੇਦਾਰਾਂ ਅਬਦੁਲ ਰਊਫ਼ ਅਤੇ ਅਮਾਰ ਅਲਵੀ ਦੇ ਨਾਮ ਵੀ ਹਨ। (ਏਜੰਸੀ)