
ਬਿਰਧ ਆਸ਼ਰਮਾਂ ਦੇ ਕੁੱਝ ਪ੍ਰਬੰਧਕ ਸੋਸ਼ਲ ਮੀਡੀਆ ਤੇ 'ਈਮੋਸ਼ਨਲ ਬਲੈਕਮੇਲਿੰਗ' ਰਾਹੀਂ ਕਰ ਰਹੇ ਹਨ ਵਸੂਲੀ
ਬਜ਼ੁਰਗ ਮਾਂ ਪਿਉ ਧੱਕੇ ਦਾ ਸ਼ਿਕਾਰ ਹੈ ਤਾਂ ਪਿੰਡ ਜਾਂ ਸ਼ਹਿਰ ਦੀ ਚੁਣੀ ਗਰਾਮ ਪੰਚਾਇਤ, ਨਗਰ ਕੌਂਸਲ ਦਾ ਪ੍ਰਧਾਨ ਜਾਂ ਪਿੰਡ ਦੇ ਸਰਪੰਚ ਦਾ ਨੈਤਿਕ ਅਤੇ ਕਾਨੂੰਨੀ ਫ਼ਰਜ਼ ਹੈ ਕਿ ਉਹ ਬਜ਼ੁਰਗਾਂ ਨੂੰ ਇਨਸਾਫ਼ ਦੁਆਏ ਅਤੇ ਉਨ੍ਹਾਂ ਦੇ ਬੱਚਿਆਂ ਪਾਸੋਂ ਯੋਗ ਰਿਹਾਇਸ਼ ਜਾਂ ਰੋਟੀ ਪਾਣੀ ਦਾ ਪ੍ਰਬੰਧ ਯਕੀਨੀ ਬਣਾਏ। ਅਗਰ ਉਸ ਪਾਸੋਂ ਇਹ ਮਸਲਾ ਸੁਲਝਾਇਆ ਨਹੀਂ ਜਾਂਦਾ ਤਾਂ ਪ੍ਰਵਾਰਾਂ ਵਲੋਂ ਬਜ਼ੁਰਗਾਂ ਪ੍ਰਤੀ ਵਰਤੀ ਜਾਂਦੀ ਲਾਪ੍ਰਵਾਹੀ, ਅਣਗਹਿਲੀ ਜਾਂ ਅਤਿਆਚਾਰ ਦੀ ਸੂਚਨਾ ਤੁਰਤ ਸਬੰਧਤ ਥਾਣੇ ਦਿਤੀ ਜਾਵੇ। ਅਗਰ ਇਹ ਮਸਲਾ ਥਾਣੇ ਵਿਚੋਂ ਵੀ ਨਹੀਂ ਸੁਲਝਦਾ ਤਾਂ ਸਾਰਾ ਪੱਖ ਸਬੰਧਤ ਐਸਡੀਐਮ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇ ਕਿਉਂਕਿ ਐਸਡੀਐਮ ਦੀ ਅਦਾਲਤ ਕੋਲ ਉਹ ਸਾਰੀਆਂ ਕਾਨੂੰਨੀ ਜਾਂ ਸੰਵਿਧਾਨਕ ਸ਼ਕਤੀਆਂ ਹਨ ਜਿਸ ਸਦਕਾ ਉਹ ਬਜ਼ੁਰਗਾਂ ਵਲੋਂ ਅਪਣੇ ਬੱਚਿਆਂ ਦੇ ਨਾਂ ਕਰਵਾਈ ਸਾਰੀ ਜ਼ਮੀਨ ਜਾਇਦਾਦ ਅਤੇ ਘਰ-ਬਾਰ ਮੁੜ ਬਜ਼ੁਰਗਾਂ ਦੇ ਨਾਂਅ ਤਬਦੀਲ ਕਰਵਾ ਸਕਦੇ ਹਨ।
ਹੁਣ ਜ਼ਰੂਰਤ ਹੈ ਕਿ ਬਿਰਧ ਆਸ਼ਰਮਾਂ ਵਿਚ ਲੰਮੇਂ ਸਮੇਂ ਤੋਂ ਕੈਦੀਆਂ ਵਾਂਗ ਬੰਦ ਕੀਤੇ ਬਜ਼ੁਰਗ ਜੋੜਿਆਂ ਦੀ ਰਿਹਾਈ ਕਰਵਾ ਕੇ ਉਨ੍ਹਾਂ ਨੂੰ ਆਪੋ-ਅਪਣੇ ਘਰ ਵਾਪਸ ਤੋਰਿਆ ਜਾਵੇ। ਕੁੱਝ ਹੀ ਦਿਨ ਪਹਿਲਾਂ ਅਪਣੇ ਪ੍ਰਵਾਰ ਵਲੋਂ ਜਬਰੀ ਬਾਹਰ ਧੱਕੀ ਗਈ ਇਕ ਬਿਰਧ ਮਾਤਾ ਦੀ ਦੁੱਖਾਂ ਭਰੀ ਕਹਾਣੀ ਅਖ਼ਬਾਰਾਂ ਵਿਚ ਵਡੀਆਂ ਸੁਰਖੀਆਂ ਅਧੀਨ ਛਪੀ ਸੀ ਜਿਸ ਦੀ ਪੋਤਰੀ ਐਸਡੀਐਮ ਅਤੇ ਪੁੱਤ ਪੰਜਾਬ ਦੀ ਸਿਆਸੀ ਪਾਰਟੀ ਦਾ ਸਿਰਕੱਢ ਆਗੂ ਸੀ ਪਰ ਉਨ੍ਹਾਂ ਦੀ ਬਜ਼ੁਰਗ ਮਾਤਾ ਦੀ ਸਾਭ ਸੰਭਾਲ ਨਾ ਹੋਣ ਕਾਰਨ ਉਸ ਦੇ ਸਿਰ ਵਿਚ ਕੀੜੇ ਪੈ ਚੁੱਕੇ ਸਨ।
ਸਾਡੇ ਸਮਾਜ ਅਤੇ ਸਰਕਾਰਾਂ ਨੂੰ ਅਜਿਹੇ ਅਕ੍ਰਿਤਘਣ ਬੱਚਿਆਂ ਅਤੇ ਪ੍ਰਵਾਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦੇਣ ਦਾ ਕਾਨੂੰਨੀ ਬੰਦੋਬਸਤ ਕੀਤੇ ਜਾਣ ਦੀ ਵੀ ਲੋੜ ਹੈ। ਇਸ ਮਾਤਾ ਦੇ ਵਾਰਸਾਂ ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸੰਮਨ ਕੀਤਾ ਹੈ ਪਰ ਇਕੱਲੀ ਜਵਾਬਤਲਬੀ ਹੀ ਕਾਫੀ ਨਹੀਂ ਇਨ੍ਹਾਂ ਨੂੰ ਯੋਗ ਸਜ਼ਾ ਵੀ ਦਿਤੀ ਜਾਵੇ।
ਲੂਲੇ ਲੰਗੜੇ, ਗੂਗੇ ਬੋਲੇ, ਅੱਖਾਂ ਤੋਂ ਅੰਨੇ, ਤੁਰਨ ਫਿਰਨ ਤੋਂ ਅਸਮਰਥ ਅਤੇ ਬੋਲਣ ਤੋਂ ਲਾਚਾਰ ਲੋਕਾਂ ਦੀਆਂ ਵੀਡੀਉ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਅਪਲੋਡ ਕਰ ਕੇ ਦਾਨ ਰੂਪੀ ਲੱਖਾਂ ਰੁਪਏ ਦੀ ਫ਼ਿਰੌਤੀ ਬਾਂਗਾਂ ਮਾਰ-ਮਾਰ ਕੇ imageਵਸੂਲੀ ਜਾਂਦੀ ਹੈ। ਦਾਨ ਮੰਗਣ ਦੇ ਇਸ ਨਿਵੇਕਲੇ ਢੰਗ ਨੂੰ ਅੰਗਰੇਜ਼ੀ ਵਿੱਚ 'ਇਮੋਸ਼ਨਲ ਬਲੈਕਮੇਲਿੰਗ' ਕਿਹਾ ਜਾਂਦਾ ਹੈ ਜਿਸ ਨੇ ਸਾਧਾਂ ਦੇ ਭੇਸ ਵਿਚ ਲੁਕੇ ਹਜ਼ਾਰਾਂ ਚੋਰਾਂ ਨੂੰ ਕਰੋੜਪਤੀ ਬਣਾਇਆ ਹੈ।