
ਕੈਪਟਨ ਨੇ ਹਰਸਿਮਰਤ ਬਾਦਲ ਨੂੰ ਸਿਆਸੀ ਤੌਰ 'ਤੇ ਝੰਬਿਆ
ਚੰਡੀਗੜ੍ਹ (ਕੰਵਲਜੀਤ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਅਤੇ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਰਾਜਨੀਤੀ ਦੇ ਖੇਤਰ ਵਿਚ ਬੁਰੀ ਤਰ੍ਹਾਂ ਝੰਬ ਦਿਤਾ ਹੈ । ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਦਰਬਾਰ ਸਾਹਿਬ ਦੇ ਜੀਐਸਟੀ ਦੇ ਭੁਗਤਾਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿਚ ਦੋ ਕਰੋੜ ਦੇ ਕਰੀਬ ਰੁਪਏ ਪਾਉਣ ਦੇ ਕੀਤੇ ਦਾਅਵੇ 'ਤੇ ਹਰਸਿਮਰਤ ਕੌਰ ਬਾਦਲ ਵਲੋਂ ਕੀਤੀ ਟਿਪਣੀ ਨੂੰ ਅਹਿਮਕਾਨਾ ਦਸਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਫ਼ੇਸਬੁੱਕ ਤੇ ਹਰਸਿਮਰਤ ਕੌਰ ਲਈ ਲਿਖੇ ਸੁਨੇਹੇ ਵਿਚ ਕਾਫ਼ੀ ਸਖ਼ਤ ਸ਼ਬਦਾਵਲੀ ਵਰਤੀ ਹੈ।
Harsimrat Badal
ਮੁੱਖ ਮੰਤਰੀ ਅਪਣੇ ਫ਼ੇਸਬੁੱਕ ਸੁਨੇਹੇ ਵਿਚ ਲਿਖਦੇ ਹਨ,“ਹਰਸਿਮਰਤ ਕੌਰ ਮੈਂ ਤੁਹਾਨੂੰ ਜਿੰਨਾ ਮੂਰਖ ਸਮਝਦਾ ਸੀ ਤੁਸੀਂ ਉਸ ਤੋਂ ਕਿਤੇ ਵੱਧ ਹੋ। ਮੈਂ ਸਾਫ਼ ਸਾਫ਼ ਕਿਹਾ ਹੈ ਕਿ ਦਾਅਵਾ ਕੀਤੀ ਗਈ ਕਿ ਰਕਮ ਉਹ ਸੀ ਜੋ ਅਸੀਂ ਜਾਰੀ ਕੀਤੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਸਾਰਿਆਂ ਨੇ ਕਿਸ ਤਰ੍ਹਾਂ ਸਰਕਾਰ ਚਲਾਈ ਜਿਸ ਵਿਚ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੇ ਦਾਅਵਾ ਕੀਤੇ ਜਾਣ 'ਤੇ ਹੀ ਪੈਸਾ ਦਿਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਕ ਨਿਰਧਾਰਤ ਸਮਾਂ ਲੱਗਦਾ ਹੈ। ਅਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਈ ਮਹੀਨੇ ਤੋਂ ਚਾਰ ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਅਲਾਟ ਕਰ ਦਿਤੀ ਸੀ। ਤੁਸੀਂ ਜਿਹੜੀਆਂ ਬਿਨਾਂ ਸੈਰ ਪੈਰਾਂ ਦੀਆਂ ਗੱਲਾਂ ਕਰ ਰਹੇ ਹੋ ਇਹ ਤੁਹਾਡੀ ਮੂਰਖਤਾ ਦਰਸਾ ਰਹੀਆਂ ਹਨ।''
ਪੰਜਾਬ ਸਰਕਾਰ ਵਲੋਂ ਕਲ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਸਾਰੀ ਬਣਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚ 1,96,57,190 ਰੁਪਏ ਤਬਦੀਲ ਕਰ ਦਿਤੇ ਹਨ ਜਿਸ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਬਕਾਏ ਦਾ ਨਿਪਟਾਰਾ ਹੋ ਗਿਆ ਹੈ। ਸਰਕਾਰ ਦੇ ਇਸ ਦਾਅਵੇ ਤੇ ਹਰਸਿਮਰਤ ਕੌਰ ਬਾਦਲ ਨੇ ਇਕ ਬਿਆਨ ਰਾਹੀਂ ਮੁੱਖ ਮੰਤਰੀ 'ਤੇ ਦੋਸ਼ ਲਾ ਦਿਤਾ ਕਿ ਉਹ ਕਈ ਦਿਨਾਂ ਤੋਂ ਜੀ.ਐਸ.ਟੀ. ਦੀ ਅਦਾਇਤੀ ਦੇ ਮਾਮਲੇ ਵਿਚ ਲਗਾਤਾਰ ਝੂਠ ਬੋਲਦੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਕੇ ਅਮਰਿੰਦਰ ਸਿੰਘ ਨੂੰ ਝੂਠ ਬੋਲਣਾ ਸ਼ੋਭਦਾ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।