
ਗੁਰਦਾਸ ਮਾਨ ਨੇ ਵਤਨ ਪਰਤਦਿਆਂ ਦਿਤਾ ਵਿਵਦਤ ਬਿਆਨ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕੈਨੇਡਾ ਦੀ ਧਰਤੀ 'ਤੇ ਹਿੰਦੀ ਦੀ ਵਕਾਲਤ ਕਰ ਕੇ ਵਤਨ ਪੁੱਜੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਵਿਰੋਧਤਾ ਦੀ ਕੋਈ ਪ੍ਰਵਾਹ ਨਹੀਂ, ਜੋ ਵੀ ਕਰਦਾ ਹੈ, ਕਰਨ ਦਿਉ। ਗੁਰਦਾਸ ਮਾਨ ਅੱਜ ਦੇਰ ਸ਼ਾਮ, ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ,''ਮੈਂ ਅਪਣੇ ਬਿਆਨ 'ਤੇ ਕਾਇਮ ਹਾਂ, ਵਿਰੋਦਤਾ ਕਰਨ ਵਾਲੇ ਸੱਭ ਰਾਜੀ ਖ਼ੁਸ਼ ਰਹਿਣ, ਮੈਨੂੰ ਕੋਈ ਪ੍ਰਵਾਹ ਨਹੀਂ।'' ਭੱਦੀ ਸ਼ਬਦਾਵਲੀ ਵਰਤਣ ਬਾਰੇ ਗੁਰਦਾਸ ਮਾਨ ਨੇ ਕਿਹਾ ਕਿ ਬੱਤੀ ਤੇ ਗੱਡੀ ਉਪਰ ਵੀ ਲੱਗੀ ਹੁੰਦੀ ਹੈ।
Gurdass Mann
ਭਾਰੀ ਸੁਰੱਖਿਆ ਹੇਠ ਹਵਾਈ ਅੱਡੇ ਤੋਂ ਅਪਣੀ ਮੰਜ਼ਲ ਵਲ ਰਵਾਨਾ ਹੋਣ ਵੇਲੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਚੇਤੇ ਕਰਵਾਇਆ ਜਾਂਦਾ ਹੈ ਕਿ ਗੁਰਦਾਸ ਮਾਨ ਨੇ ਵਿਦੇਸ਼ਾਂ ਵਿਚ ਅਪਣੇ ਸ਼ੋਅ ਦੌਰਾਨ ਭੱਦੀ ਸ਼ਬਦਾਵਲੀ ਵਰਤੀ ਸੀ ਅਤੇ ਇਕ ਰੇਡੀਉ ਨੂੰ ਦਿਤੀ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਕ ਰਾਸ਼ਟਰ ਦੀ ਇਕ ਭਾਸ਼ਾ ਹੋਣੀ ਚਾਹੀਦੀ ਹੈ ਜੇ ਫ਼ਰਾਂਸ ਵਿਚ ਫ਼ਰੈਂਚ ਹੈ ਤਾਂ ਭਾਰਤ ਵਿਚ ਵੀ ਇਕ ਨੇਸ਼ਨ ਇਕ ਭਾਸ਼ਾ ਹੀ ਹੋਣੀ ਚਾਹੀਦੀ ਹੈ ਭਾਵ ਹਿੰਦੀ ਭਾਸ਼ਾ ਦਾ ਪ੍ਰਸਾਰ ਹੋਣਾ ਚਾਹੀਦਾ ਹੈ।
ਇਸ ਬਿਆਨ ਤੋਂ ਬਾਅਦ ਸਿੱਖਾਂ ਤੇ ਪੰਜਾਬੀਆਂ ਵਲੋਂ ਤਿੱਖੀ ਆਲੋਚਨਾ ਕੀਤੀ ਗਈ। ਗੁਰਦਾਸ ਮਾਨ ਅੱਜਕਲ੍ਹ ਸਮੂਹ ਸਿੱਖ ਸੰਗਠਨਾਂ ਅਤੇ ਪੰਜਾਬੀਆਂ ਦੀ ਹਿਟ ਲਿਸਟ 'ਤੇ ਹਨ। ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਉਹ ਪੰਜਾਬ ਪਰਤ ਕੇ ਸਥਿਤੀ ਸਪੱਸ਼ਟ ਕਰਨਗੇ ਪਰ ਮਾਨ ਨੇ ਆਉਂਦਿਆਂ ਹੀ ਮੁੜ ਵਿਵਾਦਤ ਬਿਆਨ ਦੇ ਦਿਤਾ ਹੈ।